ਜਲੰਧਰ : ਰੂਸ ਦੀ ਫੌਜ ਵਿੱਚ ਸ਼ਾਮਲ 19 ਜਣਿਆਂ ਦਾ ਆਪਣੇ ਮਾਪਿਆਂ ਨਾਲ ਕੋਈ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਦੇ ਸਕੇ ਸਬੰਧੀ ਪ੍ਰੇਸ਼ਾਨ ਹਨ। ਇਨ੍ਹਾਂ ਲਾਪਤਾ ਹੋਏ ਭਾਰਤੀਆਂ ਵਿੱਚ ਪੰਜਾਬ, ਕਸ਼ਮੀਰ ਅਤੇ ਉਤਰ ਪ੍ਰਦੇਸ਼ ਦੇ ਨੌਜਵਾਨ ਸ਼ਾਮਲ ਹਨ। ਇਟਲੀ ਜਾਣ ਲਈ ਪਹਿਲਾਂ ਇਹ ਨੌਜਵਾਨ ਅਰਮੀਨੀਆ ਗਏ ਤੇ ਮਗਰੋਂ ਉਥੋਂ ਮਾਸਕੋ ਚਲੇ ਗਏ। ਮਾਸਕੋ ਤੋਂ ਇਟਲੀ ਭੇਜਣ ਦੀ ਥਾਂ ਡੰਕਰਾਂ ਨੇ 19 ਜਣਿਆਂ ਨੂੰ ਰੂਸ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ। ਹੁਣ ਸਾਲ ਭਰ ਤੋਂ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ।
ਜ਼ਿਕਰਯੋੋਗ ਹੈ ਕਿ ਗੁਰਾਇਆ ਦਾ ਮਨਦੀਪ ਆਪਣੇ ਪੰਜ ਸਾਥੀਆਂ ਨਾਲ 21 ਦਸੰਬਰ 2023 ਨੂੰ ਇਟਲੀ ਜਾਣ ਲਈ ਮਾਸਕੋ ਉਤਰਿਆ ਸੀ। ਜਗਦੀਪ ਕੁਮਾਰ ਨੇ ਦੱਸਿਆ ਕਿ 3 ਮਾਰਚ 2024 ਨੂੰ ਉਸ ਦੀ ਆਪਣੇ ਵੱਡੇ ਭਰਾ ਮਨਦੀਪ ਨਾਲ ਫੋਨ ’ਤੇ ਆਖਰੀ ਵਾਰ ਗੱਲਬਾਤ ਹੋਈ ਸੀ। ਸਾਲ ਬੀਤ ਗਿਆ ਪਰ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਜਿਹੜੇ ਚਾਰ ਜਣੇ ਉਸ ਦੇ ਨਾਲ ਗਏ ਸਨ ਉਹ ਤਾਂ ਮਾਸਕੋ ਤੋਂ ਵਾਪਸ ਆ ਗਏ ਪਰ ਉਸ ਦੇ ਭਰਾ ਦਾ ਪਤਾ ਨਹੀਂ ਲੱਗ ਰਿਹਾ। ਜਦੋਂ ਕਿ ਏਜੰਟ ਨੇ ਭਰੋਸਾ ਦਿੱਤਾ ਸੀ ਕਿ ਦੋ ਦਿਨ ਮਾਸਕੋ ਰੁਕਣ ਬਾਅਦ ਉਥੋਂ ਫਿਨਲੈਂਡ ਦੀ ਫਲਾਈਟ ਹੋਵੇਗੀ ਤੇ ਮਹੀਨੇ ਬਾਅਦ ਉਸ ਨੂੰ ਇਟਲੀ ਭੇਜਿਆ ਜਾਣਾ ਸੀ।
ਜਗਦੀਪ ਨੇ ਦੱਸਿਆ ਕਿ ਉਸ ਦਾ ਭਰਾ ਤਾਂ ਅੰਗਹੀਣ ਹੈ, ਇਸ ਦੇ ਬਾਵਜੂਦ ਉਹ ਕਿਵੇਂ ਰੂਸ ਦੀ ਫੌਜ ਵਿੱਚ ਭਰਤੀ ਹੋ ਗਿਆ। ਇਸ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੈ। ਫੋਨ ’ਤੇ ਭਰਾ ਮਨਦੀਪ ਨੇ ਕਿਹਾ ਸੀ ਕਿ ਉਸ ਨੂੰ ਇੱਥੋਂ ਕੱਢ ਲਵੋ ਨਹੀਂ ਤਾਂ ਉਸ ਦੇ ਇੱਥੋਂ ਜਿਊਂਦਾ ਮੁੜ ਕੇ ਆਉਣ ਦੀ ਆਸ ਨਹੀਂ ਹੈ।
ਮਨਦੀਪ ਦੇ ਵਟਸਐਪ ’ਤੇ ਫੌਜੀ ਵਰਦੀ ਪਾਈ ਦੀ ਫੋਟੋ ਲੱਗੀ ਹੋਈ ਸੀ ਮਗਰੋਂ ਫੋਟੋ ਵੀ ਗਾਇਬ ਹੋ ਗਈ ਤੇ ਉਸ ਦੇ ਭਰਾ ਨਾਲ ਗੱਲ ਹੋਣੀ ਵੀ ਬੰਦ ਹੋ ਗਈ। ਜਦੋਂ ਪੰਜ ਜਣੇ ਇਟਲੀ ਨੂੰ ਜਾਣ ਲਈ ਘਰੋਂ ਗਏ ਸਨ ਤਾਂ ਏਜੰਟ ਨੂੰ 31 ਲੱਖ 40 ਹਜ਼ਾਰ ਰੁਪਏ ਦਿੱਤੇ ਸਨ। ਪਹਿਲਾਂ ਏਜੰਟ ਕਹਿੰਦਾ ਸੀ ਕਿ ਇਟਲੀ ਜਾਣ ’ਤੇ ਹੀ ਪੈਸੇ ਲਵਾਂਗਾ ਪਰ ਮਾਸਕੋ ਜਾਣ ਮਗਰੋਂ ਉਹ ਪ੍ਰੇਸ਼ਾਨ ਕਰਨ ਲੱਗਿਆ। ਜਦੋਂ ਏਜੰਟ ਵਿਰੁੱਧ ਕੇਸ ਕਰਨ ਦੀ ਗੱਲ ਕੀਤੀ ਤਾਂ ਫਿਰ ਉਸ ਦੇ ਭਰਾ ਦਾ ਪਤਾ ਨਹੀਂ ਲੱਗਿਆ।
ਜਗਦੀਪ ਨੇ ਦੱਸਿਆ ਕਿ ਰੂਸ ਵਿਚ 19 ਜਣੇ ਹਨ ਜਿਨ੍ਹਾਂ ਬਾਰੇ ਪਤਾ ਨਹੀਂ ਲੱਗ ਰਿਹਾ ਕਿ ਉਹ ਹੁਣ ਕਿੱਥੇ ਹਨ। ਉਹ ਇਨ੍ਹਾਂ ਪਰਿਵਾਰਾਂ ਨੂੰ ਲੈ ਕੇ ਦਿੱਲੀ ਵਿਦੇਸ਼ ਮੰਤਾਰਲੇ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ। ਉਹ ਹੁਣ ਮਾਸਕੋ ਜਾਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਪਤਾ ਲੱਗ ਸਕੇ। ਇਸ ਬਾਬਤ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ।