ਪ੍ਰਾਵੀਡੈਂਟ ਫੰਡ ’ਤੇ 8.25 ਫ਼ੀਸਦ ਵਿਆਜ ਦਰ ਬਰਕਰਾਰ

ਪ੍ਰਾਵੀਡੈਂਟ ਫੰਡ ’ਤੇ 8.25 ਫ਼ੀਸਦ ਵਿਆਜ ਦਰ ਬਰਕਰਾਰ

ਨਵੀਂ ਦਿੱਲੀ: ਰਿਟਾਇਰਮੈਂਟ ਫੰਡ ਬਾਰੇ ਸੰਸਥਾ ਐਂਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐੱਫਓ) ਨੇ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਵਿਚ ਜਮ੍ਹਾਂ ਰਾਸ਼ੀ ’ਤੇ ਮਿਲਦੇ 8.25 ਫ਼ੀਸਦ ਵਿਆਜ ਨੂੰ ਵਿੱਤੀ ਵਰ੍ਹੇ 2024-25 ਵਿਚ ਵੀ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਈਪੀਐੱਫਓ ਨੇ ਫਰਵਰੀ 2024 ਵਿੱਚ ਵਿੱਤੀ ਸਾਲ 2023-24 ਲਈ ਈਪੀਐੱਫ ’ਤੇ ਵਿਆਜ ਦਰ 0.10 ਫ਼ੀਸਦ ਦੇ ਮਾਮੂਲੀ ਵਾਧੇ ਨਾਲ 8.25 ਫ਼ੀਸਦ ਕਰ ਦਿੱਤੀ ਸੀ। ਵਿੱਤੀ ਵਰ੍ਹੇ 2022-23 ਵਿੱਚ ਵਿਆਜ ਦਰ 8.15 ਫ਼ੀਸਦ ਸੀ। ਮਾਰਚ 2022 ਵਿੱਚ ਈਪੀਐੱਫਓ ​​ਨੇ 2021-22 ਲਈ ਈਪੀਐੱਫ ’ਤੇ ਵਿਆਜ ਚਾਰ ਦਹਾਕਿਆਂ ਦੇ ਹੇਠਲੇ ਪੱਧਰ 8.1 ਫ਼ੀਸਦ ਤੱਕ ਘਟਾ ਦਿੱਤਾ ਸੀ ਜੋ 2020-21 ਵਿੱਚ 8.5 ਫ਼ੀਸਦ ਸੀ। ਇੱਕ ਸੂਤਰ ਨੇ ਕਿਹਾ, ‘‘ਈਪੀਐੱਫਓ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਸੈਂਟਰਲ ਬੋਰਡ ਆਫ਼ ਟਰੱਸਟੀਜ਼ (ਸੀਬੀਟੀ) ਨੇ ਸ਼ੁੱਕਰਵਾਰ ਨੂੰ ਮੀਟਿੰਗ ਕਰਕੇ 2024-25 ਲਈ ਈਪੀਐੱਫ ਉੱਤੇ ਵਿਆਜ 8.25 ਫ਼ੀਸਦ ਰੱਖਣ ਦਾ ਹੀ ਫੈਸਲਾ ਕੀਤਾ ਹੈ।’’ ਸੀਬੀਟੀ ਦੇ ਫੈਸਲੇ ਮਗਰੋਂ 2024-25 ਲਈ ਈਪੀਐੱਫ ਜਮ੍ਹਾਂ ’ਤੇ ਵਿਆਜ ਦਰ ਨੂੰ ਸਹਿਮਤੀ ਲਈ ਵਿੱਤ ਮੰਤਰਾਲੇ ਕੋਲ ਭੇਜਿਆ ਜਾਵੇਗਾ। ਸਰਕਾਰ ਦੀ ਮਨਜ਼ੂਰੀ ਮਿਲਣ ਮਗਰੋਂ 2024-25 ਲਈ ਈਪੀਐੱਫ ’ਤੇ ਵਿਆਜ ਦਰ ਈਪੀਐੱਫਓ ਦੇ ਸੱਤ ਕਰੋੜ ਤੋਂ ਵੱਧ ਗਾਹਕਾਂ ਦੇ ਖਾਤਿਆਂ ’ਚ ਜਮ੍ਹਾਂ ਕੀਤੀ ਜਾਵੇਗੀ।

Share: