ਅਹਿਮਦਗੜ੍ਹ ਅਧੀਨ ਪੈਂਦੀਆਂ ਇੱਕ ਦਰਜਨ ਬਸਤੀਆਂ ’ਚ ਪੁਲੀਸ ਵੱਲੋਂ ਛਾਪੇ

ਅਹਿਮਦਗੜ੍ਹ ਅਧੀਨ ਪੈਂਦੀਆਂ ਇੱਕ ਦਰਜਨ ਬਸਤੀਆਂ ’ਚ ਪੁਲੀਸ ਵੱਲੋਂ ਛਾਪੇ
ਮੰਡੀ ਅਹਿਮਦਗੜ੍ਹ : ਮਾਲੇਰਕੋਟਲਾ ਜ਼ਿਲ੍ਹੇ ਦੇ ਸਬ ਡਵੀਜ਼ਨ ਅਹਿਮਦਗੜ੍ਹ ਅਧੀਨ ਪੈਂਦੀਆਂ ਕਰੀਬ ਇੱਕ ਦਰਜਨ ਬਸਤੀਆਂ ਦੇ ਸ਼ੱਕੀ ਨਸ਼ਾ ਤਸਕਰਾਂ ਦੇ ਪਰਿਵਾਰਾਂ ਨੂੰ ਅੱਜ ਤੜਕਸਾਰ ਪੁਲੀਸ ਨੇ ਘੇਰ ਲਿਆ ਅਤੇ ਪੁੱਛ ਪੜਤਾਲ ਕਰਨ ਤੋਂ ਇਲਾਵਾ ਤਲਾਸ਼ੀ ਵੀ ਕੀਤੀ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਜਾਂ ਤਾਂ ਉਹ ਨਸ਼ਿਆਂ ਦਾ ਵਪਾਰ ਬੰਦ ਕਰ ਦੇਣ ਜਾਂ ਫੇਰ ਪੀਲੇ ਪੰਜੇ ਦਾ ਖੌਫ਼ ਝੱਲਣ ਲਈ ਤਿਆਰ ਰਹਿਣ।
ਐੱਸਪੀ ਵੈਭਵ ਸਹਿਗਲ ਤੇ ਡੀਐੱਸਪੀ ਸਪੈਸ਼ਲ ਰਣਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਦੇ ਨਤੀਜਿਆਂ ਬਾਰੇ ਹਾਲੇ ਪੁਲੀਸ ਵੱਲੋਂ ਦੱਸਿਆ ਜਾਣਾ ਬਾਕੀ ਹੈ ਪਰ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕਰੀਬ ਡੇਢ ਦਰਜ਼ਨ ਸ਼ੱਕੀ ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਨਸ਼ਿਆਂ ਦੀ ਤਸਕਰੀ ਸਬੰਧੀ ਪੜਤਾਲ ਸ਼ੁਰੂ ਕੀਤੀ ਗਈ ਹੈ। ਇਸ ਦਰਮਿਆਨ ਪੁਲੀਸ ਨੇ ਰਵਾਇਤੀ ਢੰਗ ਨਾਲ ਕੀਤੀ ਜਾਣ ਵਾਲੀ ਘੇਰਾਬੰਦੀ ਕਰਕੇ ਤਲਾਸ਼ੀ ਦੀ ਮੁਹਿੰਮ ਦੇ ਨਾਲ ਨਾਲ ਸ਼ਹਿਰਾਂ ਤੇ ਪਿੰਡਾਂ ਤੋਂ ਬਾਹਰ ਰੇਲਵੇ ਲਾਈਨਾਂ, ਸੜਕਾਂ ਅਤੇ ਪੁਲਾਂ ਆਦਿ ਨੇੜੇ ਖਾਲੀ ਪਈਆਂ ਇਮਾਰਤਾਂ ਦੀ ਵੀ ਤਲਾਸ਼ੀ ਸ਼ੁਰੂ ਕੀਤੀ ਹੈ ਜੋ ਕਿ ਨਸ਼ੇੜੀਆਂ, ਤਸਕਰਾਂ ਅਤੇ ਭੈੜੇ ਅਨਸਰਾਂ ਵੱਲੋਂ ਆਪਣਾ ਗੈਰ ਸਮਾਜਿਕ ਮਕਸਦ ਪੂਰਾ ਕਰਨ ਲਈ ਵਰਤੀਆਂ ਜਾਂਦੀਆਂ ਹਨ।
ਡੀਐੱਸਪੀ ਬੈਂਸ ਨੇ ਦੱਸਿਆ ਕਿ ਪੁਲੀਸ ਕਪਤਾਨ ਮਾਲੇਰਕੋਟਲਾ ਗਗਨ ਅਜੀਤ ਸਿੰਘ ਤੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਵਿੱਚ ਅੱਜ ਤੜਕਸਾਰ ਸੁਖਦੇਵ ਨਗਰ, ਦਲੀਜ ਰੋਡ, ਮਹੇਰਨਾ, ਰਸੂਲਪੁਰ, ਮਲਿਕਪੁਰ ਅਤੇ ਛੰਨਾ ਆਦਿ ਪਿੰਡਾਂ ਦੇ ਕੁੱਝ ਘਰਾਂ ਤੇ ਖਾਲੀ ਇਮਾਰਤਾਂ ਨੂੰ ਸੀਲ ਕਰਕੇ ਤਲਾਸ਼ੀ ਲਈ ਗਈ। ਇਸ ਐਕਸ਼ਨ ਦੌਰਾਨ ਮਹਿਲਾ ਮੁਲਾਜ਼ਮਾਂ ਸਮੇਤ ਕਰੀਬ 50 ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਅਗਾਊਂ ਤਿਆਰ ਰਣਨੀਤੀ ਅਨੁਸਾਰ ਸ਼ੱਕੀ ਭੈੜੇ ਪੁਰਸ਼ਾਂ ਦੇ ਟਿਕਾਣਿਆਂ ਦੀ ਚੈਕਿੰਗ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰੀ ਨਾਲ ਸਬੰਧਤ ਸਬੂਤ ਮਿਲਣ ਤੋਂ ਬਾਅਦ ਰਸਮੀ ਤੌਰ ‘ਤੇ ਪਰਚੇ ਕੀਤੇ ਜਾਣਗੇ।
Share: