ਅੱਜ ਸ਼ਾਮ ਤੋਂ ਮੁੜ ਵਿਗੜੇਗਾ ਮੌਸਮ, ਪੰਜਾਬ ਦੇ 6 ਜ਼ਿਲ੍ਹਿਆਂ ‘ਚ ਭਾਰੀ ਮੀਂਹ ਤੇ ਗੜ੍ਹੇਮਾਰੀ

ਅੱਜ ਸ਼ਾਮ ਤੋਂ ਮੁੜ ਵਿਗੜੇਗਾ ਮੌਸਮ, ਪੰਜਾਬ ਦੇ 6 ਜ਼ਿਲ੍ਹਿਆਂ ‘ਚ ਭਾਰੀ ਮੀਂਹ ਤੇ ਗੜ੍ਹੇਮਾਰੀ

ਦੋ ਦਿਨ ਦੀ ਰਾਹਤ ਤੋਂ ਬਾਅਦ ਇਕ ਵਾਰ ਫਿਰ ਮੌਸਮ ਵਿਗੜਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਭਾਰੀ ਬਾਰਸ਼ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ ਦੇ ਚਮੋਲੀ ਦੇ ਮਾਨਾ ‘ਚ ਗਲੇਸ਼ੀਅਰ ਟੁੱਟਣ ਅਤੇ ਹਿਮਾਚਲ ਪ੍ਰਦੇਸ਼ ‘ਚ ਦੋ ਦਿਨ ਪਹਿਲਾਂ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਸੀ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਵੀ ਗੜ੍ਹੇਮਾਰੀ ਕਾਰਨ ਕਾਫੀ ਨੁਕਸਾਨ ਹੋਇਆ ਸੀ। ਹੁਣ ਮੌਸਮ ਵਿਭਾਗ ਨੇ ਨਵੀਂ ਚਿਤਾਵਨੀ ਜਾਰੀ ਕਰ ਦਿੱਤੀ ਹੈ। ਭਾਰਤੀ ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ 4 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਅਤੇ 9 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤ ਮੌਸਮ ਵਿਗਿਆਨ ਕੇਂਦਰ ਅਨੁਸਾਰ ਇਸ ਸਮੇਂ ਇਕ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ ਉਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਵਿਭਾਗ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ ਹਨੇਰੀ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਐੱਸ.ਏ.ਐੱਸ. ਨਗਰ (ਮੁਹਾਲੀ), ਫ਼ਿਰੋਜ਼ਪੁਰ ਅਤੇ ਮੋਗਾ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 4 ਅਤੇ 5 ਮਾਰਚ ਨੂੰ ਤੂਫਾਨ ਦੀ ਸੰਭਾਵਨਾ ਹੈ।3 ਮਾਰਚ ਨੂੰ ਹਿਮਾਚਲ ਪ੍ਰਦੇਸ਼ ‘ਚ ਕੁਝ ਥਾਵਾਂ ‘ਤੇ ਭਾਰੀ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਸਥਾਨਕ ਮੌਸਮ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ 26, 27 ਅਤੇ 28 ਫਰਵਰੀ ਨੂੰ ਭਾਰੀ ਬਰਫਬਾਰੀ ਅਤੇ ਮੀਂਹ ਦੇ ਪ੍ਰਭਾਵ ਕਾਰਨ ਚੰਬਾ, ਕਾਂਗੜਾ ਅਤੇ ਲਾਹੌਲ ਅਤੇ ਸਪਿਤੀ ਲਈ 3 ਮਾਰਚ ਨੂੰ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਰਾਜ ਵਿੱਚ 365 ਸੜਕਾਂ ਅਤੇ ਤਿੰਨ ਰਾਸ਼ਟਰੀ ਰਾਜਮਾਰਗ ਅਜੇ ਵੀ ਬੰਦ ਹਨ ਅਤੇ 1,377 ਬਿਜਲੀ ਟਰਾਂਸਫਾਰਮਰ ਅਤੇ 269 ਜਲ ਸਪਲਾਈ ਸਿਸਟਮ ਪ੍ਰਭਾਵਿਤ ਹੋਏ ਹਨ। ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਸੜਕਾਂ ਅਤੇ ਹੋਰ ਨੁਕਸਾਨੀਆਂ ਗਈਆਂ ਸਹੂਲਤਾਂ ਨੂੰ ਬਹਾਲ ਕਰਨ ਦਾ ਕੰਮ ਐਤਵਾਰ ਨੂੰ ਵੀ ਜਾਰੀ ਰਿਹਾ।ਉਨ੍ਹਾਂ ਕਿਹਾ ਕਿ ਕੁਝ ਥਾਵਾਂ ‘ਤੇ ਬਰਫ਼ ਦੇ ਤੋਦੇ ਡਿੱਗੇ, ਪਰ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਮੌਸਮ ਵਿਗਿਆਨ ਕੇਂਦਰ ਨੇ 3 ਮਾਰਚ ਨੂੰ ਸੂਬੇ ਦੇ ਵੱਖ-ਵੱਖ ਸਥਾਨਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫਬਾਰੀ, 4 ਮਾਰਚ ਨੂੰ ਕਈ ਥਾਵਾਂ ‘ਤੇ ਦਰਮਿਆਨੀ ਬਾਰਿਸ਼ ਜਾਂ ਬਰਫਬਾਰੀ ਅਤੇ 5 ਤੋਂ 8 ਮਾਰਚ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।ਉੱਤਰਾਖੰਡ ਵਿੱਚ ਵੀ ਪਹਾੜਾਂ ਵਿੱਚ ਮੌਸਮ ਖ਼ਰਾਬ ਹੈ। ਦੱਸਿਆ ਗਿਆ ਹੈ ਕਿ ਗਲੇਸ਼ੀਅਰ ਦੇ ਫਟਣ ਦਾ ਖਤਰਾ ਹੈ। ਚਾਰ ਧਾਮਾਂ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ‘ਚ ਕਾਫੀ ਬਰਫਬਾਰੀ ਹੋਈ ਹੈ। ਚਮੋਲੀ ਦੇ ਮਾਨਾ ‘ਚ ਗਲੇਸ਼ੀਅਰ ਫਟਣ ਦੀ ਘਟਨਾ ‘ਚ 8 ਮਜ਼ਦੂਰਾਂ ਦੀ ਮੌਤ ਹੋ ਗਈ।

Share: