ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ ਸੋਮਵਾਰ ਨੂੰ ਹੋਵੇਗੀ ਜਿਸ ’ਚ ਬਜਟ ਇਜਲਾਸ ਸੱਦੇ ਜਾਣ ਨੂੰ ਹਰੀ ਝੰਡੀ ਮਿਲ ਸਕਦੀ ਹੈ। ਪੰਜਾਬ ਸਰਕਾਰ ਮੱਧ ਮਾਰਚ ਤੋਂ ਬਾਅਦ ਬਜਟ ਸੈਸ਼ਨ ਬੁਲਾਏ ਜਾਣ ਦੇ ਰੌਂਅ ਵਿੱਚ ਹੈ। ਕੈਬਨਿਟ ਮੀਟਿੰਗ ਸਵੇਰੇ 11 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ’ਤੇ ਹੋਵੇਗੀ ਜਿਸ ਵਿੱਚ ਕਈ ਹੋਰ ਫ਼ੈਸਲੇ ਲਏ ਜਾਣ ਦੀ ਵੀ ਸੰਭਾਵਨਾ ਹੈ। ਮੌਜੂਦਾ ਸਰਕਾਰ ਹੁਣ ਲੋਕਾਂ ਨੂੰ ਖ਼ੁਸ਼ ਕਰਨ ਦੇ ਰੌਂਅ ਵਿੱਚ ਜਾਪਦੀ ਹੈ ਜਿਸ ਤਹਿਤ ਹਰ ਵਰਗ ਨੂੰ ਰਾਹਤ ਦੇਣ ਲਈ ਕਦਮ ਉਠਾਏ ਜਾ ਰਹੇ ਹਨ। ਸੂਤਰਾਂ ਅਨੁਸਾਰ ਕੈਬਨਿਟ ਮੀਟਿੰਗ ਵਿੱਚ ਸਨਅਤਕਾਰਾਂ ਲਈ ਰਾਹਤ ਦਾ ਐਲਾਨ ਕੀਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਜਨਵਰੀ 2020 ਤੋਂ ਪਹਿਲਾਂ ਸਨਅਤੀ ਪਲਾਟ ਅਲਾਟ ਹੋਏ ਹਨ, ਉਨ੍ਹਾਂ ਲਈ ਯਕਮੁਸ਼ਤ ਸਕੀਮ ਲਿਆਉਣ ਦੀ ਯੋਜਨਾ ਹੈ ਤਾਂ ਜੋ ਉਨ੍ਹਾਂ ਵੱਲੋਂ ਖੜ੍ਹੇ ਬਕਾਏ ਦੀ ਵਸੂਲੀ ਹੋ ਸਕੇ। ਪੰਜਾਬ ਸਰਕਾਰ ਸਨਅਤਕਾਰਾਂ ਨੂੰ ਹੁਣ ਰਾਹਤ ਦੇਣ ਵੱਲ ਕਦਮ ਵਧਾ ਰਹੀ ਹੈ ਤਾਂ ਜੋ ਇਸ ਵਰਗ ਨੂੰ ਖ਼ੁਸ਼ ਕੀਤਾ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸੋਮਵਾਰ ਨੂੰ ਹੀ ਸੰਯੁਕਤ ਕਿਸਾਨ ਮੋਰਚਾ ਨਾਲ ਸੰਵਾਦ ਸ਼ੁਰੂ ਕਰ ਰਹੇ ਹਨ। ਕਿਸਾਨਾਂ ਨਾਲ ਸਰਕਾਰ ਆਪਣੇ ਤੁਆਲਕ ਠੀਕ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਨਸ਼ਿਆਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਛੇੜੀ ਹੋਈ ਹੈ ਜਿਸ ਨਾਲ ਖ਼ਾਸ ਕਰਕੇ ਔਰਤ ਵਰਗ ਨੂੰ ਰਾਹਤ ਦੀ ਆਸ ਬੱਝੀ ਹੈ। ਇਸੇ ਤਰ੍ਹਾਂ ਵਿਜੀਲੈਂਸ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਵਿਚ ਤੇਜ਼ੀ ਲਿਆਂਦੀ ਗਈ ਹੈ। ਇੰਜ ਜਾਪਦਾ ਹੈ ਕਿ ‘ਆਪ’ ਸਰਕਾਰ ਨੇ ‘ਮਿਸ਼ਨ 2027’ ਨੂੰ ਧਿਆਨ ’ਚ ਰੱਖਦਿਆਂ ਤਿਆਰੀ ਵਿੱਢ ਦਿੱਤੀ ਹੈ। ਮਾਲ ਮਹਿਕਮੇ ਵਿੱਚ ਵੱਡੇ ਸੁਧਾਰ ਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਲਈ ਕਈ ਦਿਨਾਂ ਤੋਂ ਮੰਥਨ ਹੋ ਰਿਹਾ ਹੈ। ਤਹਿਸੀਲਾਂ ਵਿਚ ਆਮ ਲੋਕਾਂ ਦੀ ਖੱਜਲ-ਖੁਆਰੀ ਕਿਵੇਂ ਘਟਾਈ ਜਾ ਸਕਦੀ ਹੈ ਅਤੇ ਭ੍ਰਿਸ਼ਟਾਚਾਰ ਦਾ ਖ਼ਾਤਮਾ ਤਹਿਸੀਲਾਂ ’ਚੋਂ ਕਿਵੇਂ ਕੀਤਾ ਜਾ ਸਕਦਾ ਹੈ, ਉਸ ਲਈ ਨਵੇਂ ਰਾਹ ਤਲਾਸ਼ੇ ਜਾ ਰਹੇ ਹਨ। ਇਸੇ ਤਰ੍ਹਾਂ ਪਿਛਲੇ ਦਿਨਾਂ ਵਿਚ ਵੱਡੇ ਪੱਧਰ ’ਤੇ ਤਬਾਦਲੇ ਵੀ ਕੀਤੇ ਗਏ ਹਨ। ਸਰਕਾਰ ਦੇ ਅਕਸ ਨੂੰ ਸੁਧਾਰਨ ਵਾਸਤੇ ਆਉਂਦੇ ਦਿਨਾਂ ਵਿਚ ਹੋਰ ਕਈ ਕਦਮ ਵੀ ਚੁੱਕੇ ਜਾ ਸਕਦੇ ਹਨ। ਪੰਜਾਬ ਪੁਲੀਸ ਵਿੱਚ ਵੱਡੇ ਪੱਧਰ ’ਤੇ ਭਰਤੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
Posted inNews
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਬਜਟ ਸੈਸ਼ਨ ਦੀਆਂ ਤਰੀਕਾਂ ਦਾ ਹੋ ਸਕਦੈ ਐਲਾਨ
