ਸੰਗਰੂਰ : ਇੱਥੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ ਹੋਈ। ਇਸ ਦੌਰਾਨ ਇੱਕ ਬੇਰੁਜ਼ਗਾਰ ਦੀ ਪੱਗ, ਕਈ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਦੀਆਂ ਚੁੰਨੀਆਂ ਲੱਥ ਗਈਆਂ ਅਤੇ ਇੱਕ ਡੀਐੱਸਪੀ ਦੀ ਵਰਦੀ ਦਾ ਬੈਜ ਵੀ ਉੱਖੜ ਗਿਆ। ਖਿੱਚ-ਧੂਹ ਦੌਰਾਨ ਪੁਲੀਸ ਨੇ ਪੰਜ ਪ੍ਰਦਰਸ਼ਨਕਾਰੀ ਲੜਕੀਆਂ ਸਣੇ ਅੱਠ ਬੇਰੁਜ਼ਗਾਰਾਂ ਨੂੰ ਹਿਰਾਸਤ ’ਚ ਲੈ ਕੇ ਜਬਰੀ ਬੱਸ ’ਚ ਬਿਠਾ ਲਿਆ। ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੂੰ ਭਾਰੀ ਜੱਦੋ-ਜਹਿਦ ਕਰਨੀ ਪਈ।
ਪੰਜਾਬ ਭਰ ਤੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਸਿੱਖਿਆ ਅਤੇ ਸਿਹਤ ਵਿਭਾਗ ’ਚ ਰੁਜ਼ਗਾਰ ਦੀ ਮੰਗ ਲਈ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸਨ। ਉਹ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮਤਰੀ ਦੀ ਕੋਠੀ ਵੱਲ ਵਧ ਰਹੇ ਸਨ ਪਰ ਪੁਲੀਸ ਨੇ ਸਖ਼ਤ ਨਾਕਾਬੰਦੀ ਕਰ ਕੇ ਬੇਰੁਜ਼ਗਾਰਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲੀਸ ਨਾਲ ਜ਼ਬਰਦਸਤ ਝੜਪ ਹੋਈ। ਇਸ ਦੌਰਾਨ ਪੁਲੀਸ ਨੇ ਲੜਕੀਆਂ ਸਣੇ ਅੱਠ ਬੇਰੁਜ਼ਗਾਰਾਂ ਨੂੰ ਹਿਰਾਸਤ ’ਚ ਲੈ ਲਿਆ। ਉਹ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਾਉਣ ਲਈ ਬਜ਼ਿੱਦ ਸਨ ਪਰ ਪੁਲੀਸ ਅਧਿਕਾਰੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਤੋਂ ਅਸਮਰੱਥ ਦਿਖੇ। ਬੇਰੁਜ਼ਗਾਰ ਅਧਿਆਪਕ ਹਿਰਾਸਤ ’ਚ ਲਏ ਸਾਥੀਆਂ ਨੂੰ ਛੁਡਾਉਣ ਦੀ ਮੰਗ ’ਤੇ ਮੁੜ ਅੱਗੇ ਵਧੇ ਤੇ ਪੁਲੀਸ ਨਾਲ ਮੁੜ ਝੜਪ ਹੋ ਗਈ। ਇਸ ਮਗਰੋਂ ਉਹ ਧਰਨੇ ’ਤੇ ਬੈਠ ਗਏ।
ਮੋਰਚੇ ਦੇ ਸੂਬਾਈ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਕੈਬਨਿਟ ਸਬ-ਕਮੇਟੀ ਅਤੇ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗਾਂ ਬਹੁਤ ਹੋ ਚੁੱਕੀਆਂ ਹਨ ਪਰ ਹਰ ਵਾਰ ਲਾਰਾ ਲਗਾਇਆ ਜਾਂਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, ਮਾਸਟਰ ਕੇਡਰ ’ਚ ਥੋਪੀ 55 ਫ਼ੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕੀਤੀ ਜਾਵੇ, ਲੈਕਚਰਾਰਾਂ ਦੀਆਂ ਰੱਦ ਕੀਤੀਆਂ 343 ਅਸਾਮੀਆਂ ਵਿਚ ਬਾਕੀ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਜੋੜ ਕੇ ਉਮਰ ਹੱਦ ਛੋਟ ਸਣੇ ਇਸ਼ਤਿਹਾਰ ਜਾਰੀ ਕੀਤਾ ਜਾਵੇ, ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਪ੍ਰਵਾਨ 270 ਅਸਾਮੀਆਂ ਵਿੱਚ ਉਮਰ ਹੱਦ ਛੋਟ ਦੇ ਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ, ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ। ਆਖ਼ਰਕਾਰ ਪ੍ਰਸ਼ਾਸਨ ਵੱਲੋਂ ਕੈਬਨਿਟ ਸਬ-ਕਮੇਟੀ ਨਾਲ ਪੰਜ ਮਾਰਚ ਦੀ ਮੀਟਿੰਗ ਨਿਸ਼ਚਿਤ ਕਰਵਾਈ ਗਈ ਜਿਸ ਮਗਰੋਂ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਤੇ ਧਰਨਾ ਸਮਾਪਤ ਕੀਤਾ।
ਇਸ ਮੌਕੇ ਅਮਨ ਸੇਖਾ, ਸੁਖਪਾਲ ਖ਼ਾਨ, ਸੰਦੀਪ ਸਿੰਘ, ਰਿੰਕੂ ਸਿੰਘ, ਗੁਰਪ੍ਰੀਤ ਸਿੰਘ ਪੱਕਾ, ਜਲੰਧਰ ਸਿੰਘ, ਅਵਤਾਰ ਸਿੰਘ ਭੁੱਲਰ ਹੇੜੀ, ਜਗਸੀਰ ਸਿੰਘ ਬਰਨਾਲਾ, ਹਰਵਿੰਦਰ ਸਿੰਘ ਬਠਿੰਡਾ, ਸੁਖਦੇਵ ਸਿੰਘ ਨੰਗਲ, ਹਰਪ੍ਰੀਤ ਸਿੰਘ, ਮੁਨੀਸ਼ ਕੁਮਾਰ, ਹਰਨੰਦ ਸਿੰਘ ਤਰਨ ਤਾਰਨ ਆਦਿ ਮੌਜੂਦ ਸਨ।