ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕੇਰਲ ਵਿੱਚ ਪਾਰਟੀ ਦੇ ਆਗੂ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਇਕਜੁੱਟ ਹਨ। ਰਾਹੁਲ ਦਾ ਇਹ ਬਿਆਨ ਸ਼ੁੱਕਰਵਾਰ ਨੂੰ ਕਾਂਗਰਸ ਦੇ ਸਿਖਰਲੇ ਆਗੂਆਂ ਵੱਲੋਂ ਕੇਰਲ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕਣ ਸਬੰਧੀ ਇੰਦਰਾ ਭਵਨ ਵਿੱਚ ਦੱਖਣੀ ਸੂਬੇ ਦੇ ਆਗੂਆਂ ਨਾਲ ਕੀਤੇ ਗਏ ਵਿਚਾਰ-ਵਟਾਂਦਰੇ ਤੋਂ ਬਾਅਦ ਆਇਆ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੇਰਲ ਦੇ ਆਗੂਆਂ ਦੀ ਤਸਵੀਰ ਸਾਂਝੀ ਕਰਦਿਆਂ ਰਾਹੁਲ ਨੇ ਫੇਸਬੁੱਕ ’ਤੇ ਲਿਖਿਆ, ਉਹ ਭਵਿੱਖੀ ਟੀਚਿਆਂ ਲਈ ਇਕਜੁੱਟ ਹਨ।’ ਉਨ੍ਹਾਂ ਪੋਸਟ ਨਾਲ ਹੈਸ਼ਟੈਗ ‘ਟੀਮ ਕੇਰਲ’ ਵੀ ਲਿਖਿਆ। ਇੱਥੇ ਕਾਂਗਰਸ ਹੈੱਡਕੁਆਰਟਰ ‘ਇੰਦਰਾ ਭਵਨ’ ਵਿੱਚ ਕਰੀਬ ਤਿੰਨ ਘੰਟੇ ਚੱਲੀ ਇਸ ਮੀਟਿੰਗ ਦੇ ਮੁੱਖ ਵਿਸ਼ੇ ਅਨੁਸ਼ਾਸਨ, ਏਕਤਾ ਅਤੇ ਰਾਜ ਸੰਗਠਨ ਦੀ ਮਜ਼ਬੂਤੀ ਸਨ। ਸੂਤਰਾਂ ਅਨੁਸਾਰ ਰਾਹੁਲ ਨੇ ਮੀਟਿੰਗ ਵਿੱਚ ਕਿਹਾ ਕਿ ਆਗੂਆਂ ਨੂੰ ਰਾਜਨੀਤਕ ਰਣਨੀਤੀ ਬਾਰੇ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਕਰਨਾ ਜਾਂ ਕਹਿਣਾ ਚਾਹੀਦਾ, ਜੋ ਪਾਰਟੀ ਦੀ ਵਿਚਾਰਧਾਰਾ ਅਨੁਸਾਰ ਨਾ ਹੋਵੇ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਨੁਸ਼ਾਸਨ ਅਤੇ ਏਕਤਾ ਯਕੀਨੀ ਬਣਾਉਣ ਤੇ ਪਾਰਟੀ ਦੀ ਕੇਰਲ ਇਕਾਈ ਨੂੰ ਮਜ਼ਬੂਤ ਕਰਨ ਲਈ ਖਾਲੀ ਅਹੁਦੇ ਭਰਨ ’ਤੇ ਜ਼ੋਰ ਦਿੱਤਾ। ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਵਾਇਨਾਡ ਤੋਂ ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ, ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ. ਸੁਧਾਕਰਨ, ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਆਦਿ ਆਗੂ ਮੀਟਿੰਗ ਵਿੱਚ ਸ਼ਾਮਲ ਹੋਏ ਸਨ।