ਨਵੀਂ ਦਿੱਲੀ : ਮਹਾਂਕੁੰਭ ਵਿੱਚ ਇਸ਼ਨਾਨ ਦੌਰਾਨ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਵੀਡੀਓ ਬਣਾਉਣ ਵਾਲੇ ਨੂੰ ਕਰਾਰੇ ਹੱਥੀਂ ਲੈਂਦਿਆਂ ਅਦਾਕਾਰਾ ਰਵੀਨਾ ਟੰਡਨ ਨੇ ਇਸ ਨੂੰ ਘਿਣਾਉਣੀ ਹਰਕਤ ਕਰਾਰ ਦਿੱਤਾ ਹੈ। ਰਵੀਨਾ ਨੇ ਕਿਹਾ ਕਿ ਅਦਾਕਾਰਾ ਲਈ ਇਹ ਬਹੁਤ ‘ਸਕੂਨ’ ਦਾ ਪਲ ਸੀ, ਪਰ ਇਸ ਤਰ੍ਹਾਂ ਦੀਆਂ ਹਰਕਤਾਂ ਨੇ ਇਸ ਨੂੰ ਖਰਾਬ ਕਰ ਦਿੱਤਾ। ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹੀ ਕੈਟਰੀਨਾ 24 ਫਰਵਰੀ ਨੂੰ ਆਪਣੀ ਸੱਸ ਵੀਨਾ ਕੌਸ਼ਲ ਨਾਲ ਪ੍ਰਯਾਗਰਾਜ ਗਈ ਸੀ। ਰਵੀਨਾ ਵੀ ਉਸੇ ਦਿਨ ਮਹਾਂਕੁੰਭ ’ਚ ਗਈ ਸੀ ਅਤੇ ਆਪਣੀ ਬੇਟੀ ਰਾਸ਼ਾ ਤੇ ਕੈਟਰੀਨਾ ਨਾਲ ਸ਼ਾਮ ਦੀ ਆਰਤੀ ਵਿੱਚ ਸ਼ਾਮਲ ਹੋਈ ਸੀ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਇਸ਼ਨਾਨ ਸਮੇਂ ਕੈਟਰੀਨਾ ਦੀ ਵੀਡੀਓ ਬਣਾਉਂਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਉਹ ਵਿਅਕਤੀ ਕਹਿ ਰਿਹਾ ਹੈ, ‘ਯੇ ਮੈਂ ਹੂੰ, ਯੇ ਮੇਰਾ ਭਾਈ ਹੈ ਔਰ ਯੇ ਕੈਟਰੀਨਾ ਕੈਫ।’
ਇਹੀ ਵੀਡੀਓ ਸ਼ਨਿਚਰਵਾਰ ਨੂੰ ਇੱਕ ਨਿਊਜ਼ ਪੋਰਟਲ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ, ਜਿਸ ’ਤੇ ਰਵੀਨਾ ਨੇ ਟਿੱਪਣੀ ਕੀਤੀ, ‘ਇਹ ਘਿਣਾਉਣੀ ਹਰਕਤ ਹੈ। ਅਜਿਹੇ ਲੋਕ ਉਸ ਪਲ ਨੂੰ ਖਰਾਬ ਕਰ ਦਿੰਦੇ ਹਨ, ਜੋ ਸ਼ਾਂਤਮਈ ਅਤੇ ਸਾਰਥਿਕ ਹੋਣੇ ਚਾਹੀਦੇ ਹਨ।’