ਸ਼ਿਮਲਾ : ਹਿਮਾਚਲ ਪ੍ਰਦੇਸ਼ ਨੂੰ ਭਲਕੇ ਮੁੜ ਤੋਂ ਅਸਮਾਨੀ ਆਫਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਸੂਬੇ ’ਚ 3 ਮਾਰਚ ਨੂੰ ਭਾਰੀ ਬਰਫਬਾਰੀ ਤੇ ਮੀਂਹ ਦਾ ‘ਔਰੇਂਜ’ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਔਰੇਂਜ ਅਲਰਟ ਸੂਬੇ ਦੇ ਤਿੰਨ ਜ਼ਿਲ੍ਹਿਆਂ ਚੰਬਾ, ਕਾਂਗੜਾ ਤੇ ਲਾਹੌਲ-ਸਪਿਤੀ ਲਈ ਜਾਰੀ ਕੀਤਾ ਹੈ ਜਦਕਿ ਕੁੱਲੂ ਤੇ ਮੰਡੀ ਜ਼ਿਲ੍ਹਿਆਂ ਲਈ ਭਾਰੀ ਬਰਫਬਾਰੀ ਤੇ ਮੀਂਹ ਦਾ ‘ਯੈਲੋ’ ਅਲਰਟ ਜਾਰੀ ਕੀਤਾ ਹੈ। ਮੌਸਮ ’ਚ ਇਹ ਤਬਦੀਲੀ ਹਿਮਾਲਿਆ ਖੇਤਰ ’ਚ ਸਰਗਰਮ ਹੋਈ ਨਵੀਂ ਪੱਛਮੀ ਗੜਬੜੀ ਕਾਰਨ ਆਉਣ ਵਾਲੀ ਹੈ। ਇਸ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਪ੍ਰਸ਼ਾਸਨ ਨੂੰ ਅਲਰਟ ’ਤੇ ਰਹਿਣ ਲਈ ਕਿਹਾ ਹੈ ਤਾਂ ਜੋ ਖਰਾਬ ਮੌਸਮ ਦੌਰਾਨ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਿਆ ਜਾ ਸਕੇ। ਸਰਕਾਰ ਨੇ ਇਸ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਖਾਸ ਤੌਰ ’ਤੇ ਅਲਰਟ ਵਾਲੇ ਜ਼ਿਲ੍ਹਿਆਂ ’ਚ ਖਰਾਬ ਮੌਸਮ ਦੌਰਾਨ ਇਹਤਿਆਤ ਵਰਤਣ ਲਈ ਕਿਹਾ ਹੈ। ਮੌਸਮ ਵਿਭਾਗ ਨੇ ਸੂਬੇ ਦੇ ਕਿੰਨੌਰ, ਲਾਹੌਲ-ਸਪਿਤੀ, ਚੰਬਾ ਜ਼ਿਲ੍ਹਾ ਦੇ ਪਾਂਗੀ ਅਤੇ ਭਰਮੌਰ ਤੇ ਕੁੱਲੂ ਜ਼ਿਲ੍ਹੇ ਦੇ ਵੱਧ ਉਚਾਈ ਵਾਲੇ ਇਲਾਕਿਆਂ ’ਚ ਲੋਕਾਂ ਨੂੰ ਬਰਫ ਦੇ ਤੋਦੇ ਡਿੱਗਣ ਤੋਂ ਚੌਕਸ ਰਹਿਣ ਲਈ ਕਿਹਾ ਹੈ। ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ’ਚ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸੇ ਵਿਚਾਲੇ ਸੂਬੇ ’ਚ ਬੀਤੇ ਦਿਨ ਹੋਈ ਭਾਰੀ ਬਰਫਬਾਰੀ ਤੇ ਮੀਂਹ ਕਾਰਨ ਅਜੇ ਵੀ 165 ਸੜਕਾਂ ਤੇ 624 ਬਿਜਲੀ ਟਰਾਂਸਫਰ ਬੰਦ ਪਏ ਹਨ। ਲੋਕ ਨਿਰਮਾਣ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਬਰਫਬਾਰੀ ਤੇ ਭਾਰੀ ਮੀਂਹ ਕਾਰਨ ਬੰਦ ਪਈਆਂ ਸੜਕਾਂ ਤੇ ਬਿਜਲੀ ਸਪਲਾਈ ਮੁੜ ਬਹਾਲ ਕਰਨ ’ਚ ਜੁਟਿਆ ਹੋਇਆ ਹੈ। ਇਸੇ ਵਿਚਾਲੇ ਸੂਬੇ ’ਚ ਦੋ ਦਿਨ ਤੋਂ ਮੌਸਮ ਲਗਾਤਾਰ ਸਾਫ ਰਹਿਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮੌਸਮ ਸਾਫ ਰਹਿਣ ਕਾਰਨ ਰਾਹਤ ਕਾਰਜਾਂ ’ਚ ਵੀ ਤੇਜ਼ੀ ਆਈ ਹੈ ਅਤੇ ਸੜਕਾਂ ’ਤੇ ਆਵਾਜਾਈ ਅਤੇ ਪਾਣੀ ਤੇ ਬਿਜਲੀ ਦੀ ਸਪਲਾਈ ਜੰਗੀ ਪੱਧਰ ’ਤੇ ਬਹਾਲ ਕੀਤੀ ਜਾ ਰਹੀ ਹੈ। ਊਨਾ ਸਭ ਤੋਂ ਗਰਮ ਸਥਾਨ ਰਿਹਾ ਜਿਥੇ ਤਾਪਮਾਨ 28.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ 2.3 ਡਿਗਰੀ ਸੈਲਸੀਅਸ ਵਧ ਰਿਹਾ। ਉਂਜ ਸੂਬੇ ਵਿੱਚ ਘੱਟੋ ਘੱਟ ਅਤੇ ਵਧ ਤੋਂ ਵਧ ਤਾਪਮਾਨ ’ਚ ਬਹੁਤਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਕੇਲਾਂਗ ਰਾਤ ਦੇ ਸਮੇਂ ਸਭ ਤੋਂ ਠੰਢਾ ਸਥਾਨ ਰਿਹਾ ਜਿਥੇ ਮਨਫ਼ੀ 11.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਪ੍ਰਦੇਸ਼ ’ਚ ਕਈ ਥਾਵਾਂ ’ਤੇ ਸੜਕਾਂ ਬੰਦ ਰਹਿਣ ਕਾਰਨ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।