ਗੁਰੂ ਅਮਰਦਾਸ ਦੇ ਵਿਰਾਸਤੀ ਘਰ ਦੀ ਸਾਂਭ-ਸੰਭਾਲ ਲਈ ਕਾਰ ਸੇਵਾ ਸ਼ੁਰੂ

ਗੁਰੂ ਅਮਰਦਾਸ ਦੇ ਵਿਰਾਸਤੀ ਘਰ ਦੀ ਸਾਂਭ-ਸੰਭਾਲ ਲਈ ਕਾਰ ਸੇਵਾ ਸ਼ੁਰੂ

ਅੰਮ੍ਰਿਤਸਰ : ਗੁਰੂ ਅਮਰਦਾਸ ਦੇ ਵਿਰਾਸਤੀ ਘਰ ਅਤੇ ਇੱਥੇ ਮਿਲੇ ਇੱਕ ਖੂਹ ਦੀ ਸਾਂਭ ਸੰਭਾਲ ਲਈ ਕਾਰ ਸੇਵਾ ਸੰਪਰਦਾ ਦੇ ਬਾਬਾ ਅਮਰੀਕ ਸਿੰਘ ਵੱਲੋਂ ਅੱਜ ਇਸ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ। ਪਿੰਡ ਬਾਸਰਕੇ ਵਿੱਚ ਅੱਜ ਇਸ ਸਬੰਧ ਵਿੱਚ ਗੁਰਮਤਿ ਮਰਿਆਦਾ ਅਨੁਸਾਰ ਕਾਰ ਸੇਵਾ ਦੀ ਸ਼ੁਰੂਆਤ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਸਾਂਭ-ਸੰਭਾਲ ਦੀ ਸੇਵਾ ਸ਼ੁਰੂ ਕਰਨ ਲਈ ਟੱਕ ਲਾਇਆ ਗਿਆ।

ਸਮਾਗਮ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਹਾਜ਼ਰ ਸਨ। ਇਹ ਕਾਰ ਸੇਵਾ ਬਾਬਾ ਅਮਰੀਕ ਸਿੰਘ ਤੇ ਬਾਬਾ ਸੁਬੇਗ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਜਨਮ ਸਥਾਨ ਦੀ ਸ਼ੁਰੂ ਹੋ ਰਹੀ ਸੇਵਾ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਸੁੱਖਾ, ਬਾਬਾ ਸੁਬੇਗ ਸਿੰਘ ਕਾਰ ਸੇਵਾ ਵਾਲੇ, ਸਰਪੰਚ ਸਕੱਤਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਮੁਖਵਿੰਦਰ ਸਿੰਘ ਖਾਪਰ ਖੇੜੀ, ਬਾਬਾ ਬਲਵਾਨ ਸਿੰਘ ਜੰਮੂ ,ਭਗਵਾਨ ਸਿੰਘ, ਹਰਜੀਤ ਸਿੰਘ ਸੋਹੀ ਅਤੇ ਪਿੰਡ ਦਾ ਭੱਲਾ ਪਰਿਵਾਰ ਜਿਨਾਂ ਵਿੱਚ ਆਸ਼ੂ ਭੱਲਾ, ਸੁਭਾਸ਼ ਭੱਲਾ, ਜਵਾਹਰ ਭੱਲਾ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਹ ਭੱਲਾ ਪਰਿਵਾਰ ਗੁਰੂ ਅਮਰਦਾਸ ਜੀ ਦੀ ਵੰਸ਼ ਦੀ 18ਵੀਂ ਪੀੜ੍ਹੀ ਵਿੱਚੋਂ ਹਨ ਜੋ ਕਿ ਇਸ ਵੇਲੇ ਵੀ ਇਸ ਪਿੰਡ ਵਿੱਚ ਰਹਿ ਰਿਹਾ ਹੈ। ਭੱਲਾ ਪਰਿਵਾਰ ਵੱਲੋਂ ਪਿੰਡ ਵਿੱਚ ਆਪਣੀ ਰਿਹਾਇਸ਼ੀ ਜ਼ਮੀਨ ਜਨਮ ਸਥਾਨ ਦੀ ਉਸਾਰੀ ਲਈ ਭੇਟ ਕੀਤੀ ਗਈ ਹੈ। ਇਸ ਦੌਰਾਨ ਪਿੰਡ ਦਾ ਨਾਂ ਬਾਸਰਕੇ ਕਲਾਂ ਤੋਂ ਬਦਲ ਕੇ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਣ ਲਈ ਪਿੰਡ ਦੇ ਸਰਪੰਚ ਤੇ ਹੋਰ ਸੰਗਤ ਵੱਲੋਂ ਜਲਦੀ ਹੀ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਜਾਵੇਗੀ।

Share: