ਕੀ ਅੰਮ੍ਰਿਤਪਾਲ ਦੀ ਗੈਂਗਸਟਰ ਜੈਪਾਲ ਦੇ ਕਾਲੇ ਧਨ ਤੱਕ ਸੀ ਪਹੁੰਚ?

ਕੀ ਅੰਮ੍ਰਿਤਪਾਲ ਦੀ ਗੈਂਗਸਟਰ ਜੈਪਾਲ ਦੇ ਕਾਲੇ ਧਨ ਤੱਕ ਸੀ ਪਹੁੰਚ?

ਚੰਡੀਗੜ੍ਹ : ਕੋਲਕਾਤਾ ਵਿੱਚ ਇਕ ਮੁਕਾਬਲੇ ’ਚ ਪੰਜਾਬ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਦੇ ਮਾਰੇ ਜਾਣ ਤੋਂ ਤਿੰਨ ਸਾਲ ਬਾਅਦ ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਦੀ ਪੰਜਾਬ ਤੋਂ ਇਲਾਵਾ ਵਿਦੇਸ਼ ਵਿੱਚ ਜਮ੍ਹਾਂ ਗੈਂਗਸਟਰ ਦੇ ਧਨ ਤੱਕ ਪਹੁੰਚ ਸੀ। ਅੰਮ੍ਰਿਤਪਾਲ ਨੂੰ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।

ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਗੈਂਗਸਟਰ ਦੇ ਧਨ ਤੱਕ ਪਹੁੰਚ ਬਾਰੇ ਇਹ ‘ਭੇਤ’ ਹੀ ਪਿਛਲੇ ਸਾਲ ਅਕਤੂਬਰ ਵਿੱਚ ਫ਼ਰੀਦਕੋਟ ਦੇ ਗੁਰਪ੍ਰੀਤ ਸਿੰਘ ਹਰੀ ਨੌ ਦੀ ਹੋਈ ਹੱਤਿਆ ਪਿਛਲਾ ਮਕਸਦ ਸੀ। ਪੁਲੀਸ ਇਹ ਜਾਂਚ ਵੀ ਕਰ ਰਹੀ ਹੈ ਕਿ ਕੀ ਜੈਪਾਲ ਦੇ ਛੁਪਾਏ ਹੋਏ ਪੈਸੇ ਦਾ ਇਸਤੇਮਾਲ ਗੁਰਪ੍ਰੀਤ ਦੀ ਹੱਤਿਆ ਬਦਲੇ ਸ਼ੂਟਰਾਂ ਤੇ ਉਨ੍ਹਾਂ ਦੇ ਲੀਡਰ ਅਰਸ਼ ਡੱਲਾ ਨੂੰ ਦੇਣ ਲਈ ਕੀਤਾ ਗਿਆ ਸੀ। ਅਰਸ਼ ਡੱਲਾ ਇਕ ਅਤਿਵਾਦੀ ਹੈ। ਅੰਮ੍ਰਿਤਪਾਲ ਨੂੰ 9 ਜਨਵਰੀ ਨੂੰ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂਏਪੀਏ) ਤਹਿਤ ਹੱਤਿਆ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਅੰਮ੍ਰਿਤਪਾਲ ਦੀ ਅਗਵਾਈ ਹੇਠਲੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਇਕ ਸਮਾਂ ਖ਼ਜ਼ਾਨਚੀ ਰਹੇ ਗੁਰਪ੍ਰੀਤ ਦੇ ਬਾਅਦ ਵਿੱਚ ਅੰਮ੍ਰਿਤਪਾਲ ਨਾਲ ਸਬੰਧ ਵਿਗੜ ਗਏ ਸਨ ਅਤੇ ਉਹ ਅੰਮ੍ਰਿਤਪਾਲ ਦਾ ਆਲੋਚਕ ਬਣ ਗਿਆ ਸੀ। ਪੰਜਾਬ ਦੇ ਸਭ ਤੋਂ ਖ਼ਤਰਨਾਕ ਗੈਂਗਸਟਰਾਂ ’ਚੋਂ ਇਕ ਜੈਪਾਲ ਕਈ ਸੂਬਿਆਂ ਵਿੱਚ ਅਪਰਾਧਿਕ ਮਾਮਲਿਆਂ ’ਚ ਲੋੜੀਂਦਾ ਸੀ। ਉਹ 2008 ਤੋਂ ਜੂਨ 2021 ਵਿੱਚ ਹੋਈ ਉਸ ਦੀ ਮੌਤ ਤੱਕ ਸਰਗਰਮ ਰਿਹਾ। ਉਹ ਨਸ਼ਾ ਤਸਕਰੀ, ਹੱਤਿਆ, ਜਬਰੀ ਵਸੂਲੀ ਅਤੇ ਹਾਈਵੇਅ ’ਤੇ ਡਕੈਤੀਆਂ ਦੇ ਮਾਮਲਿਆਂ ’ਚ ਸ਼ਾਮਲ ਸੀ। ਉਹ ਕਈ ਅਪਰਾਧਿਕ ਨੈਟਵਰਕਾਂ ਨਾਲ ਜੁੜਿਆ ਹੋਇਆ ਸੀ ਅਤੇ ਸ਼ੇਰਾ ਖੁੱਬਣ ਤੇ ਰਾਜੀਵ ਰਾਜਾ ਸਣੇ ਹੋਰ ਗੈਂਗਸਟਰਾਂ ਦੇ ਨਾਲ ਉਸ ਦੇ ਗੂੜ੍ਹੇ ਸਬੰਧ ਸਨ। ਸਮੇਂ ਦੇ ਨਾਲ, ਉਸ ਨੇ ਆਪਣਾ ਖ਼ੁਦ ਦਾ ਗਰੋਹ ਬਣਾਇਆ, ਜਿਸ ਨੇ ਗੈਂਗਸਟਰ-ਸਿਆਸਤਦਾਨ ਜਸਵਿੰਦਰ ਸਿੰਘ ਰੌਕੀ ਦੀ ਹੱਤਿਆ ਅਤੇ ਜਗਰਾਓਂ ਵਿੱਚ ਦੋ ਸਹਾਇਕ ਸਬ ਇੰਸਪੈਕਟਰਾਂ ਦੀ ਹੱਤਿਆ ਵਰਗੇ ਅਪਰਾਧਾਂ ਨੂੰ ਅੰਜਾਮ ਦਿੱਤਾ।

ਜੂਨ 2021 ਵਿੱਚ ਕੋਲਕਾਤਾ ’ਚ ਪੱਛਮੀ ਬੰਗਾਲ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਜੈਪਾਲ ਮਾਰਿਆ ਗਿਆ ਸੀ। ਹਾਲਾਂਕਿ, ਪੁਲੀਸ ਨੇ ਉਸ ਦੇ ਗਰੋਹ ਦਾ ਪਰਦਾਫਾਸ਼ ਕੀਤਾ ਪਰ ਲੱਖਾਂ ਰੁਪਏ ਜਾਂ ਇੱਥੋਂ ਤੱਕ ਕਿ ਕੁਝ ਸ਼ੱਕੀਆਂ ਦਾ ਕਹਿਣਾ ਹੈ ਕਿ ਜਬਰੀ ਵਸੂਲੀ ਰਾਹੀਂ ਉਸ ਨੇ ਜੋ ਕਰੋੜਾਂ ਰੁਪਏ ਇਕੱਤਰ ਕੀਤੇ ਸਨ, ਉਨ੍ਹਾਂ ਦਾ ਕੋਈ ਸੁਰਾਗ ਨਹੀਂ ਸੀ ਮਿਲਿਆ। ਪੁਲੀਸ ਸੂਤਰਾਂ ਨੇ ਕਿਹਾ ਕਿ ਗੁਰਪ੍ਰੀਤ ਮਾਮਲੇ ਦੀ ਪੜਤਾਲ ਦੌਰਾਨ ਜੈਪਾਲ ਦੇ ਛੁਪੇ ਹੋਏ ਪੈਸੇ ਤੱਕ ਅੰਮ੍ਰਿਤਪਾਲ ਦੀ ਕਥਿਤ ਪਹੁੰਚ ਸਾਹਮਣੇ ਆਈ ਹੈ। ਗੁਰਪ੍ਰੀਤ ਦੀ 9 ਅਕਤੂਬਰ 2024 ਨੂੰ ਫ਼ਰੀਦਕੋਟ ਦੇ ਪਿੰਡ ਦੇ ਗੁਰਦੁਆਰੇ ਵਿੱਚ ਘਰ ਪਰਤਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਨੇ ਜਾਂਚ ਦੇ ਸਬੰਧ ਵਿੱਚ ਮੂੰਹ ਬੰਦ ਕੀਤਾ ਹੋਇਆ ਹੈ। ਕਈ ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਾਂਚ ਦੌਰਾਨ ਅੰਮ੍ਰਿਤਪਾਲ ਅਤੇ ਜੈਪਾਲ ਤੇ ਉਸ ਦੇ ਧਨ ਵਿਚਾਲੇ ਸਬੰਧ ਸਾਹਮਣੇ ਆਏ ਪਰ ਉਨ੍ਹਾਂ ਨੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਅੰਮ੍ਰਿਤਪਾਲ ਦੇ ਚਾਚਾ ਤੇ ਪੰਜਾਬ ਪੁਲੀਸ ਦੇ ਸਾਬਕਾ ਇੰਸਪੈਕਟਰ ਸੁਖਚੈਨ ਸਿੰਘ ਨੇ ਕਿਹਾ ਕਿ ਜੈਪਾਲ ਨਾਲ ਸਬੰਧਾਂ ਬਾਰੇ ਸੰਸਦ ਮੈਂਬਰ ਕੋਲੋਂ ਪੁੱਛ ਪੜਤਾਲ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਸਾਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ। ਇੰਝ ਲੱਗਦਾ ਹੈ ਕਿ ਅੰਮ੍ਰਿਤਪਾਲ ਨੂੰ ਹਿਰਾਸਤ ’ਚ ਰੱਖਣ ਲਈ ਪੁਲੀਸ ਨੇ ਇਕ ਹੋਰ ਕਹਾਣੀ ਘੜ ਲਈ ਹੈ।’’ ਐੱਨਐੱਸਏ ਤਹਿਤ ਅੰਮ੍ਰਿਤਪਾਲ ਦੀ ਦੋ ਸਾਲ ਦੀ ਹਿਰਾਸਤ 23 ਅਪਰੈਲ ਨੂੰ ਖ਼ਤਮ ਹੋ ਰਹੀ ਹੈ। ਉਸ ਨੂੰ ਸ਼ੁਰੂ ਵਿੱਚ ਅਪਰੈਲ 2023 ’ਚ ਇਕ ਸਾਲ ਦੀ ਹਿਰਾਸਤ ਵਿੱਚ ਭੇਜਿਆ ਗਿਆ ਸੀ, ਜਿਸ ਨੂੰ ਸਮੇਂ ਦੇ ਨਾਲ ਦੋ ਸਾਲਾਂ ਤੱਕ ਵਧਾ ਦਿੱਤਾ ਗਿਆ।

Share: