ਨਵੀਂ ਦਿੱਲੀ : ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਉਨ੍ਹਾਂ ਨਸ਼ਾ ਤਸਕਰਾਂ ਨੂੰ ਸਜ਼ਾ ਦੇਣ ’ਚ ਕੋਈ ਕਸਰ ਨਹੀਂ ਛੱਡ ਰਹੀ ਜਿਹੜੇ ਪੈਸਿਆਂ ਦੇ ਲਾਲਚ ’ਚ ਨੌਜਵਾਨਾਂ ਨੂੰ ਨਸ਼ਿਆਂ ਦੇ ਹਨੇਰੇ ’ਚ ਧੱਕ ਰਹੇ ਹਨ। ਇਸ ਦੌਰਾਨ ਸ਼ਾਹ ਨੇ ਗੁਜਰਾਤ ਦੇ ਮਹੇਸਾਨਾ ’ਚ ਗੋਵਰਧਨਾਥ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੂਜਾ ਕੀਤੀ।
ਸ਼ਾਹ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ‘ਨਸ਼ਾ ਮੁਕਤ ਭਾਰਤ’ ਬਣਾਉਣ ਲਈ ਵਚਨਬੱਧ ਹੈ। ਅਧਿਕਾਰਤ ਬਿਆਨ ’ਚ ਸ਼ਾਹ ਦੇ ਹਵਾਲੇ ਨਾਲ ਕਿਹਾ ਗਿਆ ਕਿ ਰਣਨੀਤੀ ਨਾਲ ਕੀਤੀ ਗਈ ਪੂਰੀ ਜਾਂਚ ਦੇ ਸਿੱਟੇ ਵਜੋਂ ਭਾਰਤ ’ਚ 12 ਵੱਖ-ਵੱਖ ਮਾਮਲਿਆਂ ’ਚ ਅਦਾਲਤਾਂ ਨੇ 29 ਨਸ਼ਾ ਤਸਕਰਾਂ ਨੂੰ ਦੋਸ਼ੀ ਠਹਿਰਾਇਆ ਹੈ। ਮੋਦੀ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ‘ਬਿਲਕੁਲ ਬਰਦਾਸ਼ਤ ਨਾ ਕਰਨ ਦੀ’ ਨੀਤੀ ਤਹਿਤ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਹ ਅਹਿਮ ਸਫਲਤਾ ਹਾਸਲ ਕੀਤੀ ਹੈ। ਬਿਆਨ ਮੁਤਾਬਕ, ‘‘ਇਹ ਫ਼ੈਸਲੇ ਅਦਾਲਤਾਂ ’ਚ ਦਾਇਰ ਮਾਮਲਿਆਂ ’ਚ ਸਫ਼ਲ ਪੈਰਵੀ ਯਕੀਨੀ ਬਣਾਉਣ ਲਈ ਐੱਨਸੀਬੀ ਦੇ ਸਮਰਪਣ ਦੀ ਉਦਾਹਰਨ ਹਨ।’’ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸ਼ਾਹ ਦੀ ਅਗਵਾਈ ਹੇਠ ਐੱਨਸੀਬੀ 2047 ਤੱਕ ‘ਨਸ਼ਾ ਮੁਕਤ ਭਾਰਤ’ ਦੇ ਪ੍ਰਧਾਨ ਮੰਤਰੀ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਿਹਾ ਹੈ। ਉਕਤ ਕੇਸਾਂ ’ਚ 2019 ’ਚ ਅਹਿਮਦਾਬਾਦ ’ਚ ਸਾਬਰਮਤੀ ਰੇਲਵੇ ਸਟੇਸ਼ਨ ਤੋਂ ਜ਼ਬਤ 23.859 ਚਰਸ ਦਾ ਮਾਮਲਾ ਵੀ ਸ਼ਾਮਲ ਹੈ, ਜਿਸ ’ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ 14 ਸਾਲ ਜੇਲ੍ਹ ਦੀ ਸਜ਼ਾ ਹੋਈ।