ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਿਹਾ ਕਿ ਦਿੱਲੀ ਸਰਕਾਰ 24 ਤੇ 26 ਮਾਰਚ ਦੌਰਾਨ ਵਿੱਤੀ ਸਾਲ 2025-26 ਲਈ ‘ਵਿਕਸਤ ਦਿੱਲੀ’ ਬਜਟ ਪੇਸ਼ ਕਰੇਗੀ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਪਤਾ ਨੇ ਕਿਹਾ ਕਿ ਸਮਾਜ ਦੇ ਵੱਖ ਵੱਖ ਵਰਗਾਂ ਤੋਂ ਮਿਲੇ ਸੁਝਾਵਾਂ ਮੁਤਾਬਕ ਬਜਟ ਤਿਆਰ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ, ‘‘ਇਸ ਨੂੰ ਲੋਕਾਂ ਦਾ ਬਜਟ ਬਣਾਉਣ ਲਈ ਅਸੀਂ 5 ਮਾਰਚ ਨੂੰ ਵੱਖ ਵੱਖ ਮਹਿਲਾ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੂੰ ਅਸੈਂਬਲੀ ਅਹਾਤੇ ਵਿਚ ਮਿਲਾਂਗੇ। ਇਸ ਤੋਂ ਇਲਾਵਾ ਅਸੀਂ ਸਿੱਖਿਆ ਖੇਤਰ ਤੇ ਵਪਾਰੀ ਵਰਗ ਦੇ ਭਾਈਵਾਲਾਂ ਨਾਲ 6 ਮਾਰਚ ਨੂੰ ਵਿਚਾਰ ਚਰਚਾ ਕਰਾਂਗੇ।’’ ਮੁੱਖ ਮੰਤਰੀ ਨੇ ਇਸ ਮੌਕੇ ਈਮੇਲ ਆਈਡੀ ਤੇ ਵਟਸਐੱਪ ਨੰਬਰ ਵੀ ਸਾਂਝਾ ਕੀਤਾ, ਜਿੱਥੇ ਦਿੱਲੀ ਦੇ ਲੋਕ ਬਜਟ ਨੂੰ ਲੈ ਕੇ ਆਪਣੇ ਸੁਝਾਅ ਭੇਜ ਸਕਦੇ ਹਨ।
ਗੁਪਤਾ ਨੇ ਜ਼ੋਰ ਦੇ ਕੇ ਆਖਿਆ ਕਿ ਭਾਜਪਾ ਵੱਲੋਂ ‘ਸੰਕਲਪ ਪੱਤਰ’ ਵਿਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਤੇ ਉਨ੍ਹਾਂ ਦੀ ਸਰਕਾਰ ਇਸ ਪਾਸੇ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਗੁਪਤਾ ਨੇ ਕਿਹਾ ਕਿ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਦੀਆਂ ਦੋ ਰਿਪੋਰਟਾਂ ਹੁਣ ਤੱਕ ਸਦਨ ਵਿਚ ਰੱਖੀਆਂ ਜਾ ਚੁੱਕੀਆਂ ਹਨ ਤੇ ਉਹ ਪਿਛਲੀ ‘ਆਪ’ ਸਰਕਾਰ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਕਈ ਦੋਸ਼ਾਂ ਤੋਂ ਪਹਿਲਾਂ ਹੀ ਪਰਦਾ ਹਟਾ ਚੁੱਕੇ ਹਨ।
ਉਨ੍ਹਾਂ ਕਿਹਾ, ‘‘ਕੈਗ ਦੀਆਂ 12 ਹੋਰ ਰਿਪੋਰਟਾਂ ਅਜੇ ਸਦਨ ਵਿਚ ਰੱਖੀਆਂ ਜਾਣੀਆਂ ਹਨ ਅਤੇ ਅਜੇ ਕਈ ਹੋਰ ਬੇਨਿਯਮੀਆਂ ਸਾਹਮਣੇ ਆਉਣਗੀਆਂ।’’ ਪ੍ਰੈੱਸ ਕਾਨਫਰੰਸ ਵਿਚ ਕੈਬਟਿਟ ਮੰਤਰੀ ਪਰਵੇਸ਼ ਸਾਹਿਬ ਸਿੰਘ, ਆਸ਼ੀਸ਼ ਸੂਦ ਤੇ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ।