ਨਗਰ ਕੌਂਸਲ ਚੋਣਾਂ: ਡੇਰਾ ਬਾਬਾ ਨਾਨਕ ’ਤੇ ‘ਆਪ’ ਦਾ ਕਬਜ਼ਾ

ਨਗਰ ਕੌਂਸਲ ਚੋਣਾਂ: ਡੇਰਾ ਬਾਬਾ ਨਾਨਕ ’ਤੇ ‘ਆਪ’ ਦਾ ਕਬਜ਼ਾ

ਚੰਡੀਗੜ੍ਹ : ਪੰਜਾਬ ਵਿੱਚ ਅੱਜ ਹੋਈਆਂ ਨਗਰ ਕੌਂਸਲ ਡੇਰਾ ਬਾਬਾ ਨਾਨਕ, ਤਰਨ ਤਾਰਨ ਤੇ ਤਲਵਾੜਾ ਦੀਆਂ ਚੋਣਾਂ ਦਾ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ। ਚੋਣਾਂ ਦੌਰਾਨ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸਿਰਫ਼ ਨਗਰ ਕੌਂਸਲ ਡੇਰਾ ਬਾਬਾ ਨਾਨਕ ਵਿੱਚ ਸਪੱਸ਼ਟ ਬਹੁਮਤ ਹਾਸਲ ਕਰ ਸਕੀ ਹੈ, ਜਦੋਂਕਿ ਨਗਰ ਕੌਂਸਲ ਤਰਨ ਤਾਰਨ ਤੇ ਤਲਵਾੜਾ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਬਹੁਮਤ ਤੋਂ ਦੂਰ ਹਨ। ਸਿਆਸੀ ਧਿਰਾਂ ਨੇ ਨਗਰ ਕੌਂਸਲ ਤਰਨ ਤਾਰਨ ਤੇ ਤਲਵਾੜਾ ਵਿੱਚ ਪ੍ਰਧਾਨ ਬਣਾਉਣ ਲਈ ਜੋੜ-ਤੋੜ ਕਰਨਾ ਹੁਣੇ ਤੋਂ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਤਰਨ ਤਾਰਨ ਦੇ ਵਾਰਡ ਨੰਬਰ 3 ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ, ਜਿੱਥੇ 4 ਮਾਰਚ ਨੂੰ ਵੋਟਾਂ ਪੈਣਗੀਆਂ।

ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ 13 ਵਾਰਡਾਂ ਲਈ ਅੱਜ 73.50 ਫ਼ੀਸਦ ਵੋਟਾਂ ਪਈਆਂ। 13 ਵਾਰਡਾਂ ਵਿੱਚੋਂ ਸੱਤਾਧਾਰੀ ਧਿਰ ‘ਆਪ’ ਨੇ 9 ਅਤੇ ਕਾਂਗਰਸ ਨੇ 4 ਵਾਰਡਾਂ ’ਤੇ ਜਿੱਤ ਹਾਸਲ ਕੀਤੀ। ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਨਗਰ ਕੌਂਸਲ ਤਲਵਾੜਾ ਦੇ 13 ਵਾਰਡਾਂ ਲਈ 61.31 ਫ਼ੀਸਦ ਵੋਟਾਂ ਪਈਆਂ। ਇੱਥੇ ‘ਆਪ’ ਨੇ 6, ਕਾਂਗਰਸ ਨੇ 6 ਅਤੇ ਭਾਜਪਾ ਨੇ ਇਕ ਵਾਰਡ ਵਿੱਚ ਜਿੱਤ ਹਾਸਲ ਕੀਤੀ।  ਨਗਰ ਕੌਂਸਲ ਤਰਨ ਤਾਰਨ ਦੇ 25 ਵਾਰਡਾਂ ’ਤੇ ਅੱਜ ਵੋਟਾਂ ਪਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ-3 ਵਿੱਚ ਈਵੀਐੱਮ ’ਤੇ ਭਾਜਪਾ ਉਮੀਦਵਾਰ ਦੇ ਨਾਂ ਸਾਹਮਣੇ ਪਾਰਟੀ ਦਾ ਚੋਣ ਨਿਸ਼ਾਨ ਗਲਤ ਛਪਣ ਕਰਕੇ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਹੈ, ਜਿੱਥੇ 4 ਮਾਰਚ ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ। ਇਸ ਮਗਰੋਂ ਹੀ ਨਤੀਜੇ ਐਲਾਨੇ ਜਾਣਗੇ। ਅੱਜ 24 ਵਾਰਡਾਂ ਵਿੱਚ 54.06 ਫ਼ੀਸਦ ਵੋਟਾਂ ਪਈਆਂ। ਇੱਥੇ ‘ਆਪ’ ਨੇ 8, ਕਾਂਗਰਸ ਨੇ 3 ਅਤੇ 13 ਵਾਰਡਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇੱਥੇ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਲਈ ਸਿਆਸੀ ਪਾਰਟੀਆਂ ਦੀ ਟੇਕ ਆਜ਼ਾਦ ਉਮੀਦਵਾਰਾਂ ’ਤੇ ਹੈ।

Share: