ਐਡਰੀਅਨ ਬਰੌਡੀ ਸਰਵੋਤਮ ਅਦਾਕਾਰ ਤੇ ਮਿਕੀ ਮੈਡੀਸਨ ਸਰਵੋਤਮ ਅਦਾਕਾਰਾ, ‘ਅਨੋਰਾ’ ਸਰਵੋਤਮ ਫ਼ਿਲਮ ਤੇ ਸੀਨ ਬੇਕਰ ਸਰਵੋਤਮ ਨਿਰਦੇਸ਼ਕ

ਐਡਰੀਅਨ ਬਰੌਡੀ ਸਰਵੋਤਮ ਅਦਾਕਾਰ ਤੇ ਮਿਕੀ ਮੈਡੀਸਨ ਸਰਵੋਤਮ ਅਦਾਕਾਰਾ, ‘ਅਨੋਰਾ’ ਸਰਵੋਤਮ ਫ਼ਿਲਮ ਤੇ ਸੀਨ ਬੇਕਰ ਸਰਵੋਤਮ ਨਿਰਦੇਸ਼ਕ

ਲਾਸ ਏਂਜਲਸ : Oscar Academy Awards ਅਦਾਕਾਰ ਐਡਰੀਅਨ ਬਰੌਡੀ Adrien Brody ਨੂੰ ਫ਼ਿਲਮ ‘ਦਿ ਬਰੂਟਲਿਸਟ’ (The Brutalist) ਲਈ ਸਰਵੋਤਮ ਅਦਾਕਾਰ ਤੇ ਮਿਕੀ ਮੈਡੀਸਨ (Mikey Madison) ਨੂੰ ਫਿਲਮ ‘ਅਨੋਰਾ (Anora) ਲਈ ਸਰਵੋਤਮ ਅਦਾਕਾਰਾ ਦਾ ਆਸਕਰ ਮਿਲਿਆ ਹੈ। ‘ਅਨੋਰਾ’ ਨੂੰ ਸਰਵੋਤਮ ਫ਼ਿਲਮ ਦਾ ਆਸਕਰ ਵੀ ਮਿਲਿਆ ਜਦੋਂਕਿ ਸੀਨ ਬੇਕਰ (Sean Baker) ਨੂੰ ਇਸੇ ਫ਼ਿਲਮ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ।

ਅਦਾਕਾਰਾ ਜ਼ੋਅ ਸਲਦਾਨਾ  (Zoe Saldaña) ਨੇ 97ਵੇਂ ਅਕਾਦਮੀ ਪੁਰਸਕਾਰ ਸਮਾਗਮ ਵਿਚ ‘ਐਮੀਲੀਆ ਪੇਰੇਜ਼’ (Emilia Pérez) ਲਈ ਸਰਵੋਤਮ ਸਹਾਇਕ ਅਦਾਕਾਰਾ ਤੇ ਕਿਰੇਨ ਕਲਕਿਨ (Kieran Culkin) ਨੇ ‘ਏ ਰੀਅਲ ਪੇਨ’ (A Real Pain) ਵਿਚ ਦਮਦਾਰ ਭੂਮਿਕਾ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਆਸਕਰ ਜਿੱਤਿਆ। ਦਿੱਲੀ ਵਿਚ ਬਣੀ ਲਘੂ ਫ਼ਿਲਮ ‘ਅਨੁਜਾ’ (Anuja) ਆਸਕਰ 2025 ਵਿਚ ਸਰਵੋਤਮ ਲਾਈਵ ਐਕਸ਼ਨ ਸ਼ਾਰਟ ਫਿਲਮ ਵਰਗ ਵਿਚ ਪੁਰਸਕਾਰ ਹਾਸਲ ਕਰਨ ਤੋਂ ਖੁੰਝ ਗਈ। ਇਸ ਵਰਗ ਵਿਚ ਡੱਚ ਭਾਸ਼ਾ ਦੀ ਫ਼ਿਲਮ ‘ਆਈ ਐੱਮ ਨੌਟ ਏ ਰੋੋਬੋਟ’ (I m not a robot) ਆਸਕਰ ਜਿੱਤਣ ਵਿਚ ਸਫ਼ਲ ਰਹੀ।

ਅਨੁਜਾ ਸਰਵੋਤਮ ਲਾਈਵ ਐਕਸ਼ਨ ਸ਼ਾਰਟ ਫਿਲਮ ਵਰਗ ਵਿਚ ਪੁਰਸਕਾਰ ਦੀ ਦੌੜ ਵਿਚ ਸ਼ਾਮਲ ਸੀ ਪਰ ਇਸ ਵਰਗ ਵਿਚ ਡੱਚ ਭਾਸ਼ਾ ਦੀ ‘ਆਈ ਐੱਮ ਨੌਟ ਏ ਰੋਬੋਟ’ ਨੂੰ ਆਸਕਰ ਮਿਲਿਆ। ਵਿਕਟੋਰੀਆ ਵਾਰਮਰਡੈਮ ਨੇ ਇਸ ਦੀ ਪਟਕਥਾ ਲਿਖੀ ਹੈ ਤੇ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ। ਐਡਮ ਜੇ ਗ੍ਰੇਵਸ ਤੇ ਸੁਚਿੱਤਰਾ ਮੱਟਈ ਵੱਲੋਂ ਨਿਰਦੇਸ਼ਤ ‘ਅਨੁਜਾ’ ਨੌਂ ਸਾਲ ਦੀ ਪ੍ਰਤਿਭਾਸ਼ਾਲੀ ਅਨੁਜਾ ਦੀ ਕਹਾਣੀ ਹੈ, ਜਿਸ ਨੂੰ ਆਪਣੀ ਸਿੱਖਿਆ ਤੇ ਫੈਕਟਰੀ ਵਿਚ ਕੰਮ ਕਰਨ ’ਚੋਂ ਕਿਸੇ ਇਕ ਦੀ ਚੋਣ ਕਰਨੀ ਪੈਂਦੀ ਹੈ। ਇਸ ਵਿਚ ਸਜਦਾ ਪਠਾਨ ਤੇ ਅਨੰਨਿਆ ਸ਼ਾਨਬਾਗ ਮੁੱਖ ਭੂਮਿਕਾ ਵਿਚ ਹਨ। ਅਨੁਜਾ ਦਾ ਫ਼ਿਲਹਾਲ ਨੈੱਟਫਲਿਕਸ ’ਤੇ ਪ੍ਰਸਾਰਣ ਹੋ ਰਿਹਾ ਹੈ। ਇਸ ਫ਼ਿਲਮ ਦੇ ਕਾਰਜਕਾਰੀ ਨਿਰਮਾਤਾ ਦੋ ਵਾਰ ਆਸਕਰ ਪੁਰਸਕਾਰ ਜਿੱਤਣ ਵਾਲੀ ਗੁਨੀਤ ਮੌਂਗਾ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਹਨ। ਹੌਲੀਵੁੱਡ ਅਦਾਕਾਰਾ ਮਿੰਡੀ ਕਲਿੰਗ ਨਿਰਮਾਤਾ ਹੈ।

97ਵੇਂ ਅਕਾਦਮੀ ਐਵਾਡਰਜ਼ ਦੀ ਵੰਡ ਅਮਰੀਕਾ ਦੇ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿਚ ਕੀਤੀ ਗਈ। ਇਸ ਦਾ ਪ੍ਰਸਾਰਣ ‘ਜੀਓਹੌਟਸਟਾਰ’ ਤੇ ਟੀਵੀ ਚੈਨਲ ‘ਸਟਾਰ ਪਲੱਸ’ ਉੱਤੇ ਕੀਤਾ ਗਿਆ। ਸਮਾਗਮ ਦੇ ਮੇਜ਼ਬਾਨ ਕੌਨਨ ਓਬ੍ਰਾਇਨ ਨੇ ਹਿੰਦੀ ਵਿਚ ਲੋਕਾਂ ਦਾ ਸਵਾਗਤ ਕਰਕੇ ਹਿੰਦੀ ਬੋਲਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ। ਓਬ੍ਰਾਇਨ ਨੇ ਕਿਹਾ, ‘‘ਤੁਹਾਡੇ ਵਿਚੋਂ ਜੋ ਲੋਕ ਭਾਰਤ ਵਿਚ ਦੇਖ ਰਹੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੇ ਲੋਕਾਂ ਨੂੰ ਨਮਸਕਾਰ, ਉਥੇ ਸਵੇਰ ਹੋ ਚੁੱਕੀ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਉਹ ਨਾਸ਼ਤੇ ਮਗਰੋਂ ਆਸਕਰ ਦੇਖ ਰਹੇ ਹਨ।’’

Share: