ਸ੍ਰੀ ਆਨੰਦਪੁਰ ਸਾਹਿਬ : ਸਟੇਸ਼ਨ ਅਲਾਟ ਕਰਨ ਅਤੇ ਸਕੂਲਾਂ ਵਿੱਚ ਜੁਆਇਨ ਕਰਵਾਉਣ ਦੀ ਮੰਗ ਨੂੰ ਲੈ ਕੈ ਪਿਛਲੇ ਚਾਰ ਦਿਨਾਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਦਾ ਕਾਫਲਾ ਘੇਰ ਲਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਅਧਿਆਪਕਾਵਾਂ ਨੇ ਸਿੱਖਿਆ ਮੰਤਰੀ ਦੀ ਗੱਡੀ ਮੂਹਰੇ ਲੰਮੇ ਪੈ ਕੇ ਆਪਣੀਆਂ ਮੰਗਾਂ ਦੱਸਣ ਦੀ ਕੋਸ਼ਿਸ਼ ਕੀਤੀ। ਮੰਤਰੀ ਹਰਜੋਤ ਬੈਂਸ ਨੇ ਗੱਡੀ ਵਿੱਚੋਂ ਨਿਕਲ ਕੇ ਅਧਿਆਪਕਾਂ ਨੂੰ ਕਿਹਾ ਕਿ ਤੁਹਾਡੇ ਪ੍ਰਦਰਸ਼ਨ ਦਾ ਤਰੀਕਾ ਗਲਤ ਹੈ। ਉਨ੍ਹਾਂ ਕਿਹਾ ਕਿ ਕੁਝ ਚਿਰ ਪਹਿਲਾਂ ਇਨ੍ਹਾਂ ਦੇ ਸਾਥੀਆਂ ਵੱਲੋਂ ਪਿੰਡ ਮਾਂਗੇਵਾਲ ਵਿੱਚ ਪੁੱਜ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਪਰ ਇਸ ਦੇ ਬਾਵਜੂਦ ਹੁਣ ਫੇਰ ਉਨ੍ਹਾਂ ਦੀ ਗੱਡੀ ਨੂੰ ਰੋਕਿਆ ਗਿਆ। ਇਸ ਉਪਰੰਤ ਮੰਤਰੀ ਬੈਂਸ ਦੇ ਸਾਥੀਆਂ ਤੇ ਪੁਲੀਸ ਮੁਲਾਜ਼ਮਾਂ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਇੱਕ ਪਾਸੇ ਕੀਤਾ ਤੇ ਮੰਤਰੀ ਗੱਡੀ ਵਿੱਚ ਬੈਠ ਕੇ ਨੰਗਲ ਵੱਲ ਚਲੇ ਗਏ। ਇਸ ਮੌਕੇ ਈਟੀਟੀ 5994 ਅਤੇ 2364 ਸਾਂਝਾ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਹਰਜੀਤ ਬੁਡਲਾਡਾ, ਪਰਮਪਾਲ ਫਾਜ਼ਿਲਕਾ, ਗੁਰਸੰਗਤ, ਰਮੇਸ਼ ਅਬੋਹਰ, ਬੰਟੀ ਕੰਬੋਜ, ਆਦਰਸ਼ ਅਬੋਹਰ, ਮਦਨ ਜਲਾਲਾਬਾਦ, ਕੁਲਵਿੰਦਰ ਬਰੇਟਾ, ਚੰਨ ਸਿੰਘ, ਸੁਖਦੇਵ ਅਬੋਹਰ, ਬਲਿਹਾਰ ਸਿੰਘ ਤੇ ਮਨਪ੍ਰੀਤ ਕੰਬੋਜ ਨੇ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਸਿੱਖਿਆ ਮੰਤਰੀ ਦੇ ਪਿੰਡ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਹਨ ਪਰ ਮੰਤਰੀ ਵੱਲੋਂ ਉਨ੍ਹਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਕਾਰਨ ਬੇਰੁਜ਼ਗਾਰ ਅਧਿਆਪਕਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ।
Posted inNews
ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਕਾਫ਼ਲਾ ਘੇਰਿਆ
