ਨਵੀਂ ਦਿੱਲੀ : ਰੱਖਿਆ ਨਿਰਮਾਣ ਲਈ ਸਵਦੇਸ਼ੀ ਸਮਰੱਥਾ ਵਿਕਸਤ ਕਰਨ ਦੀ ਵਕਾਲਤ ਕਰਦਿਆਂ ਹਵਾਈ ਫ਼ੌਜ ਦੇ ਮੁਖੀ ਏਪੀ ਸਿੰਘ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਹਵਾਈ ਫ਼ੌਜ ‘ਸਵਦੇਸ਼ੀ ਪ੍ਰਣਾਲੀਆਂ’ ਨੂੰ ਤਰਜੀਹ ਦੇਵੇਗੀ, ਭਾਵੇਂ ਉਨ੍ਹਾਂ ਦਾ ‘ਪ੍ਰਦਰਸ਼ਨ ਥੋੜ੍ਹਾ ਘੱਟ’ ਕਿਉਂ ਨਾ ਹੋਵੇ। ਇੱਥੇ ‘ਭਾਰਤ 2047: ਆਤਮਨਿਰਭਰ ਇਨ ਵਾਰ’ ਵਿਸ਼ੇ ’ਤੇ ਸੰਬੋਧਨ ਕਰਦਿਆਂ ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਭਾਰਤ ਨੂੰ ਹਰ ਸਾਲ ਘੱਟੋ-ਘੱਟ 35-40 ਫ਼ੌਜੀ ਜਹਾਜ਼ ਬਣਾਉਣ ਦੀ ਜ਼ਰੂਰਤ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਅਸੰਭਵ ਨਹੀਂ ਹੈ। ਉਨ੍ਹਾਂ ਕਿਹਾ, ‘ਭਾਵੇਂ ਸਵਦੇਸ਼ੀ ਪ੍ਰਣਾਲੀ ਆਲਮੀ ਬਾਜ਼ਾਰ ਵਿੱਚ ਮਿਲਣ ਵਾਲੀ ਪ੍ਰਣਾਲੀ ਦੇ ਪ੍ਰਦਰਸ਼ਨ ਦਾ 90 ਫੀਸਦ ਜਾਂ 85 ਫੀਸਦ ਹੀ ਹੋਵੇ, ਤਾਂ ਵੀ ਅਸੀਂ ਸਵਦੇਸ਼ੀ ਪ੍ਰਣਾਲੀ ਨੂੰ ਹੀ ਚੁਣਾਂਗੇ, ਕਿਉਂਕਿ ਇਹੀ ਇੱਕੋ-ਇੱਕ ਤਰੀਕਾ ਹੈ ਜਿਸ ਨਾਲ ਅਸੀਂ ਆਪਣੀ ਪ੍ਰਣਾਲੀ ਹਾਸਲ ਕਰਨ ਲਈ ਹਮੇਸ਼ਾ ਬਾਹਰ ਦੇਖਣ ਤੋਂ ਬਚ ਸਕਦੇ ਹਾਂ।’ ਉਨ੍ਹਾਂ ਕਿਹਾ, ‘ਪਰ ਨਾਲ ਹੀ ਸਵਦੇਸ਼ੀ ਪ੍ਰਣਾਲੀ ਰਾਤੋ-ਰਾਤ ਨਹੀਂ ਬਣਾਈ ਜਾ ਸਕਦੀ। ਇਸ ਵਿੱਚ ਸਮਾਂ ਲੱਗੇਗਾ ਅਤੇ ਇਸ ਨੂੰ ਸਹਾਇਤਾ ਦੀ ਲੋੜ ਪਵੇਗੀ। ਇਸ ਲਈ ਭਾਰਤੀ ਹਵਾਈ ਸੈਨਾ ਕਿਸੇ ਵੀ ਖੋਜ ਅਤੇ ਵਿਕਾਸ ਪ੍ਰੋਜੈਕਟ ਲਈ ਪੂਰੀ ਤਰ੍ਹਾਂ ਵਚਨਬੱਧ ਹੈ।’
Posted inNews
ਹਵਾਈ ਫ਼ੌਜ ਮੁਖੀ ਵੱਲੋਂ ਸਵਦੇਸ਼ੀ ਰੱਖਿਆ ਨਿਰਮਾਣ ਦੀ ਵਕਾਲਤ
