ਲੁਧਿਆਣਾ : ਸਨਅਤੀ ਸ਼ਹਿਰ ਦੇ ਡੋਹਲੋਂ ਰੋਡ ’ਤੇ ਕਾਰੋਬਾਰੀ ਅਨੋਖ ਮਿੱਤਲ ਦੀ ਪਤਨੀ ਮਾਨਵੀ ਮਿੱਤਲ ਉਰਫ਼ ਲਿਪਸੀ ਦਾ ਕਤਲ ਲੁਟੇਰਿਆਂ ਨੇ ਨਹੀਂ, ਬਲਕਿ ਉਸ ਦੇ ਪਤੀ ਅਨੋਖ ਮਿੱਤਲ ਨੇ ਨਾਜਾਇਜ਼ ਸਬੰਧਾਂ ਕਾਰਨ ਢਾਈ ਲੱਖ ਰੁਪਏ ਦੀ ਸੁਪਾਰੀ ਦੇ ਕੇ ਕਰਵਾਇਆ ਸੀ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਅਨੋਖ ਮਿੱਤਲ ਦਾ ਬੈਟਰੀ ਦਾ ਕਾਰੋਬਾਰ ਹੈ ਅਤੇ ਪ੍ਰਤੀਕਸ਼ਾ ਲਗਪਗ ਦੋ ਸਾਲ ਪਹਿਲਾਂ ਉਸ ਕੋਲ ਕੰਮ ਕਰਨ ਆਈ ਸੀ। ਦੁਕਾਨ ’ਤੇ ਕੰਮ ਕਰਦੇ ਸਮੇਂ ਦੋਵਾਂ ਵਿਚਕਾਰ ਨਾਜਾਇਜ਼ ਸਬੰਧ ਬਣ ਗਏ। ਇਸ ਬਾਰੇ ਅਨੋਖ ਦੀ ਪਤਨੀ ਲਿਪਸੀ ਨੂੰ ਪਤਾ ਲੱਗਣ ’ਤੇ ਕਈ ਵਾਰ ਦੋਵਾਂ ਵਿਚਕਾਰ ਲੜਾਈ ਵੀ ਹੋਈ। ਰੋਜ਼ਾਨਾ ਦੀ ਲੜਾਈ ਤੋਂ ਪ੍ਰੇਸ਼ਾਨ ਹੋ ਕੇ ਅਨੋਖ ਨੇ ਆਪਣੀ ਪਤਨੀ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਮਗਰੋਂ ਗੋਪੀ ਨਾਲ ਢਾਈ ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਅਤੇ ਅਨੋਖ ਵੱਲੋਂ ਮੁਲਜ਼ਮਾਂ ਨੂੰ 50,000 ਰੁਪਏ ਪਹਿਲਾਂ ਦਿੱਤੇ ਗਏ, ਜਦੋਂਕਿ ਬਾਕੀ 2 ਲੱਖ ਰੁਪਏ ਲਿਪਸੀ ਦੇ ਕਤਲ ਮਗਰੋਂ ਦਿੱਤੇ ਜਾਣੇ ਸਨ। ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੇ ਅਜਿਹੀ ਥਾਂ ਦੀ ਭਾਲ ਕੀਤੀ, ਜਿਥੇ ਸਭ ਤੋਂ ਘੱਟ ਆਵਾਜਾਈ ਹੋਵੇ। ਯੋਜਨਾ ਅਨੁਸਾਰ ਅਨੋਖ ਆਪਣੀ ਪਤਨੀ ਨੂੰ ਖਾਣਾ ਖਵਾ ਕੇ ਉਸੇ ਰਸਤੇ ’ਤੇ ਲੈ ਕੇ ਆਇਆ। ਅਨੋਖ ਮਿੱਤਲ ਆਪਣੀ ਪਤਨੀ ਨੂੰ ਪੇਸ਼ਾਬ ਕਰਨ ਲਈ ਕਹਿ ਕੇ ਕਾਰ ਵਿੱਚੋਂ ਬਾਹਰ ਨਿਕਲ ਗਿਆ। ਪਹਿਲਾਂ ਮੁਲਜ਼ਮਾਂ ਨੇ ਜਾਣਬੁੱਝ ਕੇ ਅਨੋਖ ’ਤੇ ਹਮਲਾ ਕੀਤਾ ਤਾਂ ਜੋ ਉਸ ਦੀ ਪਤਨੀ ਬਾਹਰ ਆ ਸਕੇ। ਜਿਵੇਂ ਹੀ ਉਸ ਦੀ ਪਤਨੀ ਲਿਪਸੀ ਕਾਰ ’ਚੋਂ ਬਾਹਰ ਆਈ, ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਫ਼ਰਾਰ ਹੋ ਗਏ। ਪੁਲੀਸ ਨੂੰ ਅਨੋਖ ਮਿੱਤਲ ਨੇ ਇਹ ਮਾਮਲਾ ਲੁੱਟ ਦਾ ਹੀ ਦੱਸਿਆ ਪਰ ਬਿਆਨਾਂ ਦੇ ਬਦਲਣ ਕਾਰਨ ਪੁਲੀਸ ਨੂੰ ਪਹਿਲੀ ਵਾਰ ਵਿੱਚ ਹੀ ਅਨੋਖ ਮਿੱਤਲ ’ਤੇ ਸ਼ੱਕ ਹੋ ਗਿਆ। ਜਦੋਂ ਅਨੋਖ ਮਿੱਤਲ ਤੋਂ ਪੁਲੀਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਹ ਸਭ ਕੁੱਝ ਕਬੂਲ ਕਰ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਮਾਨਵੀ ਦੇ ਪਤੀ ਅਨੋਖ ਮਿੱਤਲ, ਉਸ ਦੀ ਪ੍ਰੇਮਿਕਾ ਪ੍ਰਤੀਕਸ਼ਾ, ਨੰਦਪੁਰ ਵਾਸੀ ਅੰਮ੍ਰਿਤਪਾਲ ਸਿੰਘ ਉਰਫ਼ ਬੱਲੀ, ਗੁਰਦੀਪ ਸਿੰਘ ਉਰਫ਼ ਮਾਨ, ਸੋਨੂੰ ਸਿੰਘ ਉਰਫ਼ ਸੋਨੂੰ, ਸਾਗਰਦੀਪ ਸਿੰਘ ਉਰਫ਼ ਤੇਜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਯੋਜਨਾ ਦਾ ਮਾਸਟਰਮਾਈਂਡ ਢੰਡਾਰੀ ਕਲਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਹਾਲੇ ਫ਼ਰਾਰ ਹੈ।
Posted inNews
ਢਾਈ ਲੱਖ ਦੀ ਸੁਪਾਰੀ ਦੇ ਕੇ ਕਾਰੋਬਾਰੀ ਨੇ ਪਤਨੀ ਦਾ ਕਰਵਾਇਆ ਕਤਲ
