ਨਵੀਂ ਦਿੱਲੀ/ਵਾਸ਼ਿੰਗਟਨ : ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਦੇਸ਼ ’ਚ ਕੁਝ ਗਤੀਵਿਧੀਆਂ ਲਈ ਯੂਐੱਸਏਡ ਫੰਡਿੰਗ ਬਾਰੇ ਕੀਤੇ ਗਏ ਖ਼ੁਲਾਸੇ ਬੇਹੱਦ ਪ੍ਰੇਸ਼ਾਨ ਕਰਨ ਵਾਲੇ ਹਨ ਅਤੇ ਇਸ ਨਾਲ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਵਿਦੇਸ਼ੀ ਦਖ਼ਲ ਨੂੰ ਲੈ ਕੇ ਚਿੰਤਾ ਪੈਦਾ ਹੋਈ ਹੈ। ਉਧਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਮੁਲਕ ਖ਼ਿਲਾਫ਼ ਭੁਗਤ ਰਹੀਆਂ ਤਾਕਤਾਂ ਦਾ ਪਰਦਾਫ਼ਾਸ਼ ਹੋਣਾ ਚਾਹੀਦਾ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਸਬੰਧਤ ਵਿਭਾਗ ਅਤੇ ਅਧਿਕਾਰੀ ਕੁਝ ਅਮਰੀਕੀ ਗਤੀਵਿਧੀਆਂ ਅਤੇ ਫੰਡਿੰਗ ਬਾਰੇ ਅਮਰੀਕੀ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਜਾਂਚ ਕਰ ਰਹੇ ਹਨ। ਜੈਸਵਾਲ ਨੇ ਕਿਹਾ, ‘‘ਅਸੀਂ ਅਮਰੀਕੀ ਪ੍ਰਸ਼ਾਸਨ ਵੱਲੋਂ ਕੁਝ ਅਮਰੀਕੀ ਗਤੀਵਿਧੀਆਂ ਅਤੇ ਫੰਡਿੰਗ ਬਾਰੇ ਦਿੱਤੀ ਗਈ ਜਾਣਕਾਰੀ ਦੇਖੀ ਹੈ। ਇਹ ਸਪੱਸ਼ਟ ਤੌਰ ’ਤੇ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ।’’ ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਵਿਦੇਸ਼ੀ ਦਖ਼ਲ ਨਾਲ ਚਿੰਤਾ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਅਤੇ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਇਸ ਸਮੇਂ ਕੋਈ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਇਸ ਬਾਰੇ ਕੁਝ ਜਾਣਕਾਰੀ ਦਿੱਤੀ ਜਾਵੇਗੀ। ਉਧਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀ ਯੂਐੱਸਏਡ ਫੰਡਿੰਗ ’ਤੇ ਚਿੰਤਾ ਜਤਾਈ ਅਤੇ ਕਿਹਾ ਕਿ ਜਿਹੜੇ ਲੋਕ ਦੇਸ਼ ਦੀਆਂ ਜਮਹੂਰੀ ਕਦਰਾਂ-ਕੀਮਤਾਂ ’ਤੇ ਅਜਿਹੇ ਹਮਲੇ ਦੀ ਇਜਾਜ਼ਤ ਦਿੰਦੇ ਹਨ, ਉਨ੍ਹਾਂ ਦਾ ਪਰਦਾਫ਼ਾਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੀਆਂ ਤਾਕਤਾਂ ਖ਼ਿਲਾਫ਼ ਹਮਲੇ ਕਰਨ। ਧਿਆਨ ਸਾਧਨਾ ਬਾਰੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਪੈਸਾ ਦਿੱਤਾ ਗਿਆ ਸੀ। ਉਨ੍ਹਾਂ ਵਿਵਾਦ ਦੀ ਜੜ੍ਹ ਤੱਕ ਜਾਣ ਲਈ ‘ਪੰਚਾਰੀ ਨੀਤੀ’ ਦੀ ਵਰਤੋਂ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਮੱਸਿਆ ਨੂੰ ਜੜ੍ਹੋਂ ਉਖਾੜ ਦੇਣਾ ਚਾਹੀਦਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਬਾਇਡਨ ਪ੍ਰਸ਼ਾਸਨ ’ਤੇ ਹਮਲੇ ਜਾਰੀ ਰਖਦਿਆਂ ਦਾਅਵਾ ਕੀਤਾ ਕਿ ਭਾਰਤ ’ਚ ਵੋਟ ਫ਼ੀਸਦ ਵਧਾਉਣ ਲਈ 2.1 ਕਰੋੜ ਡਾਲਰ ਦੀ ਫੰਡਿੰਗ ‘ਰਿਸ਼ਵਤ’ ਯੋਜਨਾ ਸੀ। ਉਨ੍ਹਾਂ ਵਾਸ਼ਿੰਗਟਨ ਡੀਸੀ ’ਚ ਵੀਰਵਾਰ ਨੂੰ ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ।
ਟਰੰਪ ਵੱਲੋਂ ਬਾਇਡਨ ਸਰਕਾਰ ਦੀ ਫੰਡਿੰਗ ‘ਰਿਸ਼ਵਤ ਯੋਜਨਾ’ ਕਰਾਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਬਾਇਡਨ ਪ੍ਰਸ਼ਾਸਨ ’ਤੇ ਹਮਲੇ ਜਾਰੀ ਰਖਦਿਆਂ ਦਾਅਵਾ ਕੀਤਾ ਕਿ ਭਾਰਤ ’ਚ ਵੋਟ ਫ਼ੀਸਦ ਵਧਾਉਣ ਲਈ 2.1 ਕਰੋੜ ਡਾਲਰ ਦੀ ਫੰਡਿੰਗ ‘ਰਿਸ਼ਵਤ’ ਯੋਜਨਾ ਸੀ।
ਉਨ੍ਹਾਂ ਵਾਸ਼ਿੰਗਟਨ ਡੀਸੀ ’ਚ ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਟਰੰਪ ਨੇ ਕਿਹਾ, ‘‘ਭਾਰਤ ’ਚ ਵੋਟ ਫ਼ੀਸਦ ਵਧਾਉਣ ਲਈ 2.1 ਕਰੋੜ ਡਾਲਰ ਦਿੱਤੇ ਗਏ। ਅਸੀਂ ਭਾਰਤ ’ਚ ਵੋਟ ਫ਼ੀਸਦ ਵਧਾਉਣ ’ਤੇ ਧਿਆਨ ਕਿਉਂ ਦੇ ਰਹੇ ਹਾਂ? ਸਾਡੀਆਂ ਆਪਣੀਆਂ ਕਈ ਸਮੱਸਿਆਵਾਂ ਹਨ। ਅਸੀਂ ਆਪਣਾ ਵੋਟ ਫ਼ੀਸਦ ਵਧਾਉਣਾ ਚਾਹੁੰਦੇ ਹਾਂ।’’
ਰਾਹੁਲ ‘ਗੱਦਾਰ’, ਮੁਲਕ ਨੂੰ ਕਮਜ਼ੋਰ ਕਰਨ ਲਈ ਵਿਦੇਸ਼ੀ ਤਾਕਤਾਂ ਨਾਲ ਗੰਢਤੁੱਪ: ਭਾਜਪਾ
ਨਵੀਂ ਦਿੱਲੀ: ਯੂਐੱਸਏਡ ਫੰਡਿੰਗ ਮਾਮਲੇ ’ਤੇ ਕਾਂਗਰਸ ਨੂੰ ਘੇਰਦਿਆਂ ਭਾਜਪਾ ਨੇ ਰਾਹੁਲ ਗਾਂਧੀ ਨੂੰ ‘ਗੱਦਾਰ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਉਹ ਭਾਰਤ ਨੂੰ ਕਮਜ਼ੋਰ ਕਰਨ ਲਈ ਵਿਦੇਸ਼ੀ ਤਾਕਤਾਂ ਨਾਲ ਗੰਢਤੁੱਪ ਕਰ ਰਹੇ ਹਨ। ਭਾਜਪਾ ਨੇ ਉਸ ਮੀਡੀਆ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ ਕਿ 2022 ’ਚ 2.1 ਕਰੋੜ ਡਾਲਰ ਭਾਰਤ ਲਈ ਨਹੀਂ ਸਗੋਂ ਬੰਗਲਾਦੇਸ਼ ਵਾਸਤੇ ਮਨਜ਼ੂਰ ਹੋਏ ਸਨ। ਭਾਜਪਾ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਤਰਜਮਾਨ ਗੌਰਵ ਭਾਟੀਆ ਨੇ ਦਾਅਵਾ ਕੀਤਾ ਕਿ ਯੂਐੱਸਏਡ ਫੰਡ ਭਾਰਤ ਦੀ ਅੰਦਰੂਨੀ ਸਿਆਸਤ ਅਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਮੁਲਕ ’ਚ ਆਏ ਸਨ। ਉਨ੍ਹਾਂ ਕਿਹਾ, ‘‘ਸਾਲ 2004 ਤੋਂ 2013 ਦੌਰਾਨ ਯੂਪੀਏ ਦੇ ਸ਼ਾਸਨ ਦੌਰਾਨ ਭਾਰਤ ’ਚ 200 ਕਰੋੜ ਡਾਲਰ ਤੋਂ ਵੱਧ ਦੇ ਫੰਡ ਆਏ ਸਨ। ਮੋਦੀ ਜੀ ਦੇ ਕਾਰਜਕਾਲ ਦੌਰਾਨ ਮਹਿਜ਼ 15 ਲੱਖ ਡਾਲਰ ਹੀ ਆਏ ਸਨ। ਇੰਜ ਇਸ ਲਈ ਹੋਇਆ ਕਿਉਂਕਿ ਉਹ ਜਾਣਦੇ ਹਨ ਕਿ ਨਰਿੰਦਰ ਮੋਦੀ ਕਿਸੇ ਵੀ ਵਿਦੇਸ਼ੀ ਤਾਕਤ ਕੋਲ ਭਾਰਤ ਦੇ ਹਿੱਤਾਂ ਨੂੰ ਨਹੀਂ ਵੇਚੇਗਾ।’’ ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਐੱਨਜੀਓ ਦੀ ਫੰਡਿੰਗ ’ਚ ਵਾਧਾ ਹੋਇਆ ਸੀ ਅਤੇ ਇਸ ਯਾਤਰਾ ਦਾ ਉਦੇਸ਼ ‘ਭਾਰਤ ਨੂੰ ਤੋੜਨਾ’ ਸੀ। ਭਾਟੀਆ ਨੇ ਕਿਹਾ ਕਿ ਡੋਨਲਡ ਟਰੰਪ ਦੇ ਬਿਆਨ ਮਗਰੋਂ ਕੁਝ ਅਖ਼ਬਾਰਾਂ ਨੇ ਇਸ ਮਾਮਲੇ ’ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
ਭਾਜਪਾ ਆਪਣੇ ਗੁਨਾਹਾਂ ਤੋਂ ਧਿਆਨ ਵੰਡਾਉਣ ਲਈ ਬਿਰਤਾਂਤ ਘੜ ਰਹੀ ਹੈ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਯੂਐੱਸਏਡ ਵੱਲੋਂ ਫੰਡਿੰਗ ਨਾਲ ਜੁੜੀ ਇਕ ਖ਼ਬਰ ਨੂੰ ਲੈ ਕੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਹੁਣ ਸੱਚਾਈ ਸਭ ਦੇ ਸਾਹਮਣੇ ਆਉਣ ਮਗਰੋਂ ਹੁਕਮਰਾਨ ਧਿਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਸਾਂਝੀ ਕਰਦਿਆਂ ਕਿਹਾ, ‘‘ਝੂਠ ਸਭ ਤੋਂ ਪਹਿਲਾਂ ਵਾਸ਼ਿੰਗਟਨ ’ਚ ਬੋਲਿਆ ਗਿਆ। ਫਿਰ ਝੂਠ ਨੂੰ ਭਾਜਪਾ ਦੀ ਝੂਠ ਸੈਨਾ ਵੱਲੋਂ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ, ਹੁਣ ਝੂਠ ਦਾ ਪੂਰੀ ਤਰ੍ਹਾਂ ਪਰਦਾਫ਼ਾਸ਼ ਹੋ ਗਿਆ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਗੁਨਾਹਾਂ ਤੋਂ ਧਿਆਨ ਵੰਡਾਉਣ ਲਈ ਬਿਰਤਾਂਤ ਘੜ ਰਹੀ ਹੈ। ਇਕ ਹੋਰ ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ, ‘‘ਇਕ ਹਫ਼ਤੇ ਤੋਂ ਇਕ ਕਹਾਣੀ ਚਲ ਰਹੀ ਹੈ ਕਿ ਯੂਐੱਸਏਡ ਨੇ ਮੋਦੀ ਸਰਕਾਰ ਨੂੰ ਅਸਥਿਰ ਕਰਨ ਲਈ 2.1 ਕਰੋੜ ਡਾਲਰ ਦਿੱਤੇ। ਜੇ ਇੰਨੀਆਂ ਸੁਰੱਖਿਆ ਏਜੰਸੀਆਂ ਦੇ ਹੁੰਦਿਆਂ ਵੀ ਮੋਦੀ ਸਰਕਾਰ ਨੇ ਭਾਰਤ ’ਚ 2.1 ਕਰੋੜ ਡਾਲਰ ਆਉਣ ਦਿੱਤੇ ਤਾਂ ਇਹ ਸ਼ਰਮ ਦੀ ਗੱਲ ਹੈ।’’ ਉਨ੍ਹਾਂ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੱਚਾਈ ਇਹ ਹੈ ਕਿ ਯੂਐੱਸਏਡ ਦੇ 2.1 ਕਰੋੜ ਡਾਲਰ ਬੰਗਲਾਦੇਸ਼ ਦੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਗਏ ਹਨ।