ਨਵੀਂ ਦਿੱਲੀ : ਕਾਂਗਰਸ ਅਤੇ ਭਾਜਪਾ ਯੂਐੱਸਏਡ ਫੰਡਿੰਗ ਦੇ ਮਾਮਲੇ ’ਤੇ ਆਹਮੋ-ਸਾਹਮਣੇ ਹਨ। ਕਾਂਗਰਸ ਨੇ ਕੇਂਦਰੀ ਵਿੱਤ ਮੰਤਰਾਲੇ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਨਾਲ ਸਰਕਾਰ ਦੇ ‘ਝੂਠ’ ਦਾ ਪਰਦਾਫ਼ਾਸ਼ ਹੋ ਗਿਆ ਹੈ। ਉਧਰ ਭਾਜਪਾ ਨੇ ਵਿਰੋਧੀ ਧਿਰ ’ਤੇ ਭਾਰਤੀ ਲੋਕਤੰਤਰ ਨੂੰ ਢਾਹ ਲਗਾਉਣ ਲਈ ਵਿਦੇਸ਼ੀ ਦਾਨੀਆਂ ਵੱਲੋਂ ਦਿੱਤੇ ਜਾਂਦੇ ‘ਗੁੱਝੇ ਦਖ਼ਲ’ ਦਾ ਬਚਾਅ ਕਰਨ ਦਾ ਦੋਸ਼ ਲਾਇਆ ਹੈ। ਭਾਰਤੀ ਚੋਣਾਂ ’ਤੇ ਅਸਰ ਪਾਉਣ ਦੀ ਯੂਐੱਸਏਡ ਦੀ ਕਥਿਤ ਭੂਮਿਕਾ ਸਬੰਧੀ ਪੈਦਾ ਹੋਏ ਸਿਆਸੀ ਵਿਵਾਦ ਦਰਮਿਆਨ ਵਿੱਤ ਮੰਤਰਾਲੇ ਨੇ ਖ਼ੁਲਾਸਾ ਕੀਤਾ ਹੈ ਕਿ ਏਜੰਸੀ ਨੇ ਭਾਰਤ ਸਰਕਾਰ ਨਾਲ ਭਾਈਵਾਲੀ ’ਚ 2023-24 ’ਚ ਸੱਤ ਪ੍ਰਾਜਕੈਟਾਂ ਲਈ 75 ਕਰੋੜ ਡਾਲਰ ਦਿੱਤੇ ਸਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ, ‘‘ਕੇਂਦਰੀ ਵਿੱਤ ਮੰਤਰਾਲੇ ਨੇ ਵਿਦੇਸ਼ ਮੰਤਰੀ ਸਮੇਤ ਪ੍ਰਧਾਨ ਮੰਤਰੀ ਦੇ ਝੂਠ ਅਤੇ ‘ਝੂਠ ਬ੍ਰਿਗੇਡ’ ਦਾ ਪੂਰੀ ਤਰ੍ਹਾਂ ਨਾਲ ਪਰਦਾਫ਼ਾਸ਼ ਕਰ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਾਜੈਕਟ ਦਾ ਵੋਟ ਫ਼ੀਸਦ ਵਧਾਉਣ ਦੇ ਮਾਮਲੇ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਸ ਦੌਰਾਨ ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਾਂਗਰਸ ਦੀ ਨਿਖੇਧੀ ਕਰਦਿਆਂ ਕਿਹਾ, ‘‘ਭਾਰਤ ਦੇ ਚੋਣ ਅਮਲ ’ਚ ਦਖ਼ਲ ਦੇਣ ਲਈ ਜੌਰਜ ਸੋਰੋਸ ਨਾਲ ਸਬੰਧਤ ਫਰੰਟਾਂ ਅਤੇ ਐੱਨਜੀਓਜ਼ ਨੇ ਕੋਸ਼ਿਸ਼ਾਂ ਕੀਤੀਆਂ ਸਨ ਅਤੇ ਹੁਣ ਸਾਰੇ ਜਾਣਦੇ ਹਨ ਕਿ ਇਸ ਦੇ ਲਾਭਪਾਤਰੀ ਕੌਣ ਹਨ।’’ ਉਨ੍ਹਾਂ ਕਿਹਾ ਕਿ ਵਿਚਾਰ ਅਧੀਨ ਯੂਐੱਸਏਡ ਪ੍ਰਾਜੈਕਟ ਅਧਿਕਾਰਤ ਸਰਕਾਰੀ ਭਾਈਵਾਲ ਵਾਲੇ ਹਨ ਜਿਨ੍ਹਾਂ ਨੂੰ ਪਾਰਦਰਸ਼ੀ ਢੰਗ ਨਾਲ ਬਾਹਰੀ ਸਹਾਇਤਾ ਪ੍ਰਾਪਤ ਪ੍ਰਾਜੈਕਟਾਂ (ਈਏਪੀਜ਼) ਰਾਹੀਂ ਨੇਪਰੇ ਚਾੜ੍ਹਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਇਹ ਫੰਡ ਵਿਕਾਸ ਲਈ ਸੂਬਿਆਂ ਨੂੰ ਦਿੱਤੇ ਜਾਂਦੇ ਹਨ ਜੋ ਸਹਿਕਾਰੀ ਸੰਘਵਾਦ ਦੇ ਢਾਂਚੇ ਤਹਿਤ ਆਉਂਦੇ ਹਨ।
Posted inNews
ਯੂਐੱਸਏਡ ਫੰਡਿੰਗ ਦੇ ਮਾਮਲੇ ’ਤੇ ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣੇ
