ਟਰੰਪ ਵੱਲੋਂ ਜੁਆਇੰਟ ਚੀਫ਼ ਆਫ਼ ਸਟਾਫ਼ ਦਾ ਚੇਅਰਮੈਨ ਸੀਕਿਊ ਬ੍ਰਾਊਨ ਬਰਖ਼ਾਸਤ

ਟਰੰਪ ਵੱਲੋਂ ਜੁਆਇੰਟ ਚੀਫ਼ ਆਫ਼ ਸਟਾਫ਼ ਦਾ ਚੇਅਰਮੈਨ ਸੀਕਿਊ ਬ੍ਰਾਊਨ ਬਰਖ਼ਾਸਤ

ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਹਵਾਈ ਸੈਨਾ ਦੇ ਜਨਰਲ CQ Brown ਨੂੰ ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ ਦੇ ਅਹੁਦੇ ਤੋਂ ਅਚਾਨਕ ਬਰਖਾਸਤ ਕਰ ਦਿੱਤਾ ਹੈ। ਟਰੰਪ ਨੇ ਇਤਿਹਾਸ ਰਚਣ ਵਾਲੇ ਲੜਾਕੂ ਪਾਇਲਟ ਤੇ ਸਤਿਕਾਰਤ ਅਧਿਕਾਰੀ ਨੂੰ ਲਾਂਭੇ ਕੀਤਾ ਹੈ ਤੇ ਉਨ੍ਹਾਂ ਦੀ ਇਹ ਕਾਰਵਾਈ ਫੌਜ ਨੂੰ ਉਨ੍ਹਾਂ ਆਗੂਆਂ ਤੋਂ ਛੁਟਕਾਰਾ ਦਿਵਾਉਣ ਦੀ ਮੁਹਿੰਮ ਦਾ ਹਿੱਸਾ ਹੈ, ਜੋ ਫੌਜੀ ਰੈਂਕਾਂ ਵਿੱਚ ਵਿਭਿੰਨਤਾ ਅਤੇ ਸਮਾਨਤਾ ਦੀ ਹਮਾਇਤ ਕਰਦੇ ਹਨ।

ਬ੍ਰਾਊਨ ਜੋ ਚੇਅਰਮੈਨ ਵਜੋਂ ਸੇਵਾ ਨਿਭਾਉਣ ਵਾਲੇ ਸਿਰਫ਼ ਦੂਜੇ ਸਿਆਹਫਾਮ ਜਨਰਲ ਹਨ, ਦੀ ਬਰਖਾਸਤਗੀ ਨਾਲ ਪੈਂਟਾਗਨ ਸਦਮੇ ਵਿਚ ਹੈ। ਉਨ੍ਹਾਂ ਆਪਣੀ ਨੌਕਰੀ ਦੇ 16 ਮਹੀਨੇ ਯੂਕਰੇਨ ਜੰਗ ਅਤੇ ਮੱਧ ਪੂਰਬ ਵਿੱਚ ਵਧੇ ਹੋਏ ਸੰਘਰਸ਼ ਵਿੱਚ ਲਾਏ ਸਨ।

ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘‘ਮੈਂ ਜਨਰਲ ਚਾਰਲਸ ਸੀਕਿਊ ਬ੍ਰਾਊਨ ਦਾ ਸਾਡੇ ਦੇਸ਼ ਲਈ 40 ਸਾਲਾਂ ਤੋਂ ਵੱਧ ਸਮੇਂ ਦੀ ਸੇਵਾ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਸ ਵਿੱਚ ਸਾਡੇ ਮੌਜੂਦਾ ਜੁਆਇੰਟ ਚੀਫ਼ਸ ਆਫ਼ ਸਟਾਫ ਦੇ ਚੇਅਰਮੈਨ ਵਜੋਂ ਕਾਰਜਕਾਲ ਵੀ ਸ਼ਾਮਲ ਹੈ। ਉਹ ਇੱਕ ਵਧੀਆ ਸੱਜਣ ਅਤੇ ਇੱਕ ਸ਼ਾਨਦਾਰ ਨੇਤਾ ਹਨ, ਅਤੇ ਮੈਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਇੱਕ ਵਧੀਆ ਭਵਿੱਖ ਦੀ ਕਾਮਨਾ ਕਰਦਾ ਹਾਂ।’’

ਟਰੰਪ ਨੇ ਕਿਹਾ ਕਿ ਉਹ ਹਵਾਈ ਸੈਨਾ ਦੇ ਲੈਫਟੀਨੈਂਟ ਜਨਰਲ ਡੈਨ “ਰਾਜ਼ਿਨ” ਕੇਨ (Dan “Razin” Caine) ਨੂੰ ਅਗਲੇ ਚੇਅਰਮੈਨ ਵਜੋਂ ਨਾਮਜ਼ਦ ਕਰ ਰਹੇ ਹਨ। ਕੇਨ ਐਫ-16 ਪਾਇਲਟ ਹੈ ਜਿਸ ਨੇ ਸਰਗਰਮ ਡਿਊਟੀ ਅਤੇ ਨੈਸ਼ਨਲ ਗਾਰਡ ਵਿੱਚ ਸੇਵਾ ਨਿਭਾਈ। ਉਸ ਦੀ ਅਧਿਕਾਰਤ ਫੌਜੀ ਆਤਮਕਥਾ ਮੁਤਾਬਕ ਉਸ ਨੇ ਹਾਲ ਹੀ ਵਿੱਚ ਸੀਆਈਏ ਵਿੱਚ ਫੌਜੀ ਮਾਮਲਿਆਂ ਲਈ ਐਸੋਸੀਏਟ ਡਾਇਰੈਕਟਰ ਵਜੋਂ ਵੀ ਸੇਵਾ ਨਿਭਾਈ ਸੀ।

Share: