ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਦੀਆਂ ਸ਼ੁਰੂਆਤੀ ਕਾਰਵਾਈਆਂ ਖ਼ਿਲਾਫ਼ ਬੀਤੇ ਦਿਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੋਕ ਸੜਕਾਂ ’ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਪਰਵਾਸੀਆਂ ਨੂੰ ਦੇਸ਼ ’ਚੋਂ ਕੱਢੇ ਜਾਣ ਦੀ ਕਾਰਵਾਈ, ਟਰਾਂਸਜੈਂਡਰ ਅਧਿਕਾਰ ਵਾਪਸ ਲੈਣ ਅਤੇ ਗਾਜ਼ਾ ਪੱਟੀ ਤੋਂ ਫਲਸਤੀਨੀਆਂ ਨੂੰ ਜਬਰੀ ਤਬਦੀਲ ਕੀਤੇ ਜਾਣ ਸਬੰਧੀ ਫੈਸਲਿਆਂ ਦੀ ਨਿੰਦਾ ਕੀਤੀ।
ਫਿਲਾਡੇਲਫੀਆ, ਕੈਲੀਫੋਰਨੀਆ, ਮਿਨੈਸੋਟਾ, ਮਿਸ਼ੀਗਨ, ਟੈਕਸਾਸ, ਵਿਸਕੌਨਸਿਨ, ਇੰਡੀਆਨਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਖਰਬਪਤੀ ਤੇ ਟਰੰਪ ਪ੍ਰਸ਼ਾਸਨ ਦੇ ਨਵੇਂ ਸਰਕਾਰੀ ਕੁਸ਼ਲਤਾ ਵਿਭਾਗ ਦੇ ਆਗੂ ਐਲਨ ਮਸਕ ਦੀ ਆਲੋਚਨਾ ਕਰਦੇ ਹੋਏ ਪੋਸਟਰ ਲਹਿਰਾਏ।
ਇਹ ਵਿਰੋਧ ਪ੍ਰਦਰਸ਼ਨ ਸੋਸ਼ਲ ਮੀਡੀਆ ’ਤੇ ਹੈਸ਼ਟੈਗ ‘ਬਿਲਡਦਿਰਜ਼ਿਸਟੈਂਸ’ ਅਤੇ ਹੈਸ਼ਟੈਗ ‘50501’ ਤਹਿਤ ਚਲਾਏ ਗਏ ਇਕ ਆਨਲਾਈਨ ਅੰਦੋਲਨ ਦਾ ਨਤੀਜਾ ਸੀ। ਹੈਸ਼ਟੈਗ ‘50501’ ਤਹਿਤ ਇਕ ਦਿਨ ਵਿੱਚ 50 ਸੂਬਿਆਂ ’ਚ 50 ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਸੀ। ਸੋਸ਼ਲ ਮੀਡੀਆ ’ਤੇ ਕਈ ਵੈੱਬਸਾਈਟਾਂ ਅਤੇ ਅਕਾਊਂਟਸ ’ਤੇ ‘ਫਾਸ਼ੀਵਾਦ ਨੂੰ ਨਾਮਨਜ਼ੂਰ ਕਰੋ’ ਅਤੇ ‘ਸਾਡੇ ਲੋਕਤੰਤਰ ਦੀ ਰੱਖਿਆ ਕਰੋ’ ਵਰਗੇ ਸੁਨੇਹਿਆਂ ਦੇ ਨਾਲ ਕਾਰਵਾਈ ਦੀ ਅਪੀਲ ਕੀਤੀ ਗਈ।
ਹੱਡ ਚੀਰਵੀਂ ਠੰਢ ਵਿੱਚ ਵੀ ਮਿਸ਼ੀਗਨ ਦੀ ਰਾਜਧਾਨੀ ਲਾਂਸਿੰਗ ਦੇ ਬਾਹਰ ਸੈਂਕੜੇ ਲੋਕਾਂ ਦੀ ਭੀੜ ਇਕੱਤਰ ਹੋ ਗਈ। ਐਨ ਆਰਬਰ ਖੇਤਰ ਦੀ ਕੈਟੀ ਮਿਗਲਿਏਟੀ ਨੇ ਕਿਹਾ ਕਿ ਵਿੱਤ ਵਿਭਾਗ ਦੇ ਡੇਟਾ ਤੱਕ ਮਸਕ ਦੀ ਪਹੁੰਚ ਖ਼ਾਸ ਤੌਰ ’ਤੇ ਚਿੰਤਾ ਦਾ ਵਿਸ਼ਾ ਹੈ। ਉਸ ਨੇ ਇਕ ਤਸਵੀਰ ਫੜੀ ਹੋਈ ਸੀ ਜਿਸ ਵਿੱਚ ਮਸਕ ਨੂੰ ਟਰੰਪ ਨੂੰ ਕਠਪੁਤਲੀ ਵਾਂਗ ਨਚਾਉਂਦੇ ਹੋਏ ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਮਿਸੂਰੀ ਦੀ ਰਾਜਧਾਨੀ ਜੈਫਰਸਨ, ਅਲਬਾਮਾ ਤੇ ਹੋਰ ਕਈ ਥਾਵਾਂ ’ਤੇ ਪ੍ਰਦਰਸ਼ਨ ਹੋਏ।