ਤਿਲੰਗਾਨਾ: ਸੁਰੰਗ ’ਚ ਫਸੇ ਮਜ਼ਦੂਰਾਂ ਦਾ ਬਚਣਾ ਮੁਸ਼ਕਲ

ਤਿਲੰਗਾਨਾ: ਸੁਰੰਗ ’ਚ ਫਸੇ ਮਜ਼ਦੂਰਾਂ ਦਾ ਬਚਣਾ ਮੁਸ਼ਕਲ

ਹੈਦਰਾਬਾਦ : ਤਿਲੰਗਾਨਾ ਦੇ ਮੰਤਰੀ ਜੁਪੱਲੀ ਕ੍ਰਿਸ਼ਨਾ ਰਾਓ ਨੇ ਅੱਜ ਕਿਹਾ ਕਿ ਦੋ ਦਿਨ ਪਹਿਲਾਂ ਐੱਸਐੱਲਬੀਸੀ ਸੁਰੰਗ ਦੇ ਢਹਿਣ ਬਾਅਦ ਉੱਥੇ ਫਸੇ ਅੱਠ ਵਿਅਕਤੀਆਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਉਨ੍ਹਾਂ ਤੱਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਓ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਆਏ ਹਨ। ਉਨ੍ਹਾਂ ਦੱਸਿਆ ਕਿ 2023 ਵਿੱਚ ਉੱਤਰਾਖੰਡ ’ਚ ਸਿਲਕਿਆਰਾ ਸੁਰੰਗ ਵਿੱਚ ਫਸੇ ਉਸਾਰੀ ਮਜ਼ਦੂਰਾਂ ਨੂੰ ਬਚਾਉਣ ਵਾਲੀ ਰੈਟ ਮਾਈਨਰਜ਼ ਦੀ ਟੀਮ ਵੀ ਪਹੁੰਚ ਗਈ ਹੈ। ਮੰਤਰੀ ਨੇ ਕਿਹਾ ਕਿ ਫਸੇ ਵਿਅਕਤੀਆਂ ਨੂੰ ਬਚਾਉਣ ਲਈ ਤਿੰਨ ਤੋਂ ਚਾਰ ਦਿਨ ਲੱਗਣਗੇ ਕਿਉਂਕਿ ਹਾਦਸੇ ਵਾਲੀ ਥਾਂ ਮਿੱਟੀ ਅਤੇ ਮਲਬੇ ਨਾਲ ਭਰੀ ਹੋਈ ਹੈ, ਜਿਸ ਕਾਰਨ ਬਚਾਅ ਟੀਮਾਂ ਨੂੰ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ, ‘ਇਮਾਨਦਾਰੀ ਨਾਲ ਕਹਾਂ ਤਾਂ, ਉਨ੍ਹਾਂ ਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਘੱਟ ਹਨ। ਮੈਂ ਖੁਦ ਸਿਰੇ ਤੱਕ ਗਿਆ ਸੀ। ਹਾਦਸੇ ਵਾਲੀ ਥਾਂ ਉਥੋਂ ਲਗਪਗ 50 ਮੀਟਰ ਦੂਰ ਸੀ, ਜਦੋਂ ਅਸੀਂ ਫੋਟੋਆਂ ਖਿੱਚੀਆਂ ਤਾਂ (ਸੁਰੰਗ ਦਾ) ਸਿਰਾ ਦਿਖਾਈ ਦੇ ਰਿਹਾ ਸੀ। ਉਥੇ 30 ਫੁੱਟ ’ਚੋਂ 25 ਫੁੱਟ ਤੱਕ ਗਾਰਾ ਹੈ, ਜਦੋਂ ਅਸੀਂ ਉਨ੍ਹਾਂ ਦੇ ਨਾਮ ਲੈ ਕੇ ਆਵਾਜ਼ਾਂ ਮਾਰੀਆਂ ਤਾਂ ਕੋਈ ਜਵਾਬ ਨਹੀਂ ਆਇਆ। ਇਸ ਲਈ ਕੋਈ ਸੰਭਾਵਨਾ ਨਹੀਂ ਲੱਗ ਰਹੀ।’ 48 ਘੰਟਿਆਂ ਤੋਂ ਸੁਰੰਗ ਵਿੱਚ ਫਸੇ ਵਿਅਕਤੀਆਂ ਦੀ ਪਛਾਣ ਜੰਮੂ ਕਸ਼ਮੀਰ ਦੇ ਸਨੀ ਸਿੰਘ, ਪੰਜਾਬ ਦੇ ਗੁਰਪ੍ਰੀਤ ਸਿੰਘ, ਝਾਰਖੰਡ ਦੇ ਸੰਦੀਪ ਸਾਹੂ, ਜੇਗਤਾ, ਸੰਤੋਸ਼ ਸਾਹੂ ਅਤੇ ਅਨੁਜ ਸਾਹੂ, ਜਦਕਿ ਉੱਤਰ ਪ੍ਰਦੇਸ਼ ਦੇ ਮਨੋਜ ਕੁਮਾਰ ਅਤੇ ਸ੍ਰੀਨਿਵਾਸ ਵਜੋਂ ਹੋਈ ਹੈ। ਇਨ੍ਹਾਂ ’ਚੋਂ ਦੋ ਇੰਜਨੀਅਰ, ਦੋ ਅਪਰੇਟਰ ਤੇ ਚਾਰ ਮਜ਼ਦੂਰ ਹਨ। ਰਾਹਤ ਕਾਰਜਾਂ ਲਈ ਐਂਡੋਸਕੋਪਿਕ ਤੇ ਰੋਬੋਟਿਕ ਕੈਮਰੇ ਵੀ ਵਰਤੇ ਜਾ ਰਹੇ ਹਨ।

ਮੁੱਖ ਮੰਤਰੀ ਰੈੱਡੀ ਰੱਖ ਰਹੇ ਨੇ ਬਚਾਅ ਕਾਰਜਾਂ ’ਤੇ ਨਜ਼ਰ

ਤਿਲੰਗਾਨਾ ਦੇ ਮੁੱਖ ਮੰਤਰੀ ਦਫ਼ਤਰ (ਸੀਐੱਮਓ) ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਮੁੱਖ ਮੰਤਰੀ ਰੇਵੰਤ ਰੈੱਡੀ ਸੁਰੰਗ ਹਾਦਸੇ ਦੇ ਚੱਲ ਰਹੇ ਬਚਾਅ ਕਾਰਜਾਂ ’ਤੇ ਨਜ਼ਰ ਰੱਖ ਰਹੇ ਹਨ। ਉਹ ਰਾਹਤ ਕਾਰਜਾਂ ਵਿੱਚ ਸ਼ਾਮਲ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਸੀਐੱਮਓ ਨੇ ਕਿਹਾ ਕਿ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐੱਨਡੀਆਰਐੱਫ), ਰਾਜ ਆਫ਼ਤ ਪ੍ਰਤੀਕਿਰਿਆ ਬਲ (ਐੱਸਡੀਆਰਐੱਫ) ਅਤੇ ਹੋਰ ਏਜੰਸੀਆਂ ਦੇ ਨਾਲ ਭਾਰਤੀ ਫੌਜ ਅਤੇ ਜਲ ਸੈਨਾ ਵੀ ਬਚਾਅ ਕਾਰਜ ਵਿੱਚ ਸ਼ਾਮਲ ਹੋ ਗਈ ਹੈ।

Share: