ਕਰੋੜਾਂ ਦੀ ਅਦਾਇਗੀ ਲਈ ਗੰਨਾ ਕਾਸ਼ਤਕਾਰਾਂ ਵੱਲੋਂ ਖੰਡ ਮਿੱਲ ਦਾ ਕੰਡਾ ਜਾਮ

ਕਰੋੜਾਂ ਦੀ ਅਦਾਇਗੀ ਲਈ ਗੰਨਾ ਕਾਸ਼ਤਕਾਰਾਂ ਵੱਲੋਂ ਖੰਡ ਮਿੱਲ ਦਾ ਕੰਡਾ ਜਾਮ

ਮੁਕੇਰੀਆਂ : ਗੰਨਾ ਕਾਸ਼ਤਕਾਰਾਂ ਦੀ ਹੁਣ ਤੱਕ ਕਰੀਬ 36 ਦਿਨਾਂ ਦੀ ਖੰਡ ਮਿੱਲ ਮੁਕੇਰੀਆਂ ਵੱਲ ਖੜ੍ਹੀ ਕਰੀਬ 100 ਕਰੋੜ ਤੋਂ ਵੱਧ ਦੀ ਅਦਾਇਗੀ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਰੀਬ 12.30 ਵਜੇ ਤੋਂ ਮਿੱਲ ਦਾ ਤੁਲਾਈ ਕੰਡਾ ਜਾਮ ਕਰਕੇ ਧਰਨਾ ਦਿੱਤਾ ਗਿਆ। ਗੰਨਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰਤਾਪ ਸਿੰਘ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਵਿਜੇ ਕੁਮਾਰ ਬਹਿਬਲਮੰਝ, ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ, ਕਰਨੈਲ ਸਿੰਘ ਘੱਲੀਆਂ, ਅਜਾਇਬ ਸਿੰਘ ਬੇਲਾ ਸਰਿਆਣਾ, ਪਰਮਜੀਤ ਸਿੰਘ ਰਸੂਲਪੁਰ ਅਤੇ ਦਰਸ਼ਨ ਸਿੰਘ ਛੰਨੀ ਨੰਦ ਸਿੰਘ ਨੇ ਦੱਸਿਆ ਕਿ ਗੰਨਾ ਕਿਸਾਨਾਂ ਦੀ ਪਿਛਲੇ ਕਰੀਬ 36 ਦਿਨਾਂ ਦੀ ਖੰਡ ਮਿੱਲ ਵੱਲ ਹੁਣ ਤੱਕ ਦੀ ਅਦਾਇਗੀ 1.22 ਅਰਬ ਰੁਪਏ ਬਣਦੀ ਹੈ, ਜਿਹੜੀ ਮਿੱਲ ਪ੍ਰਬੰਧਕਾਂ ਵੱਲੋਂ ਅਦਾ ਨਹੀਂ ਕੀਤੀ ਗਈ। ਗੰਨਾ ਕਾਸ਼ਤਕਾਰ ਆਪਣੇ ਖੁਦ ਦੇ ਖਰਚਿਆਂ ਸਣੇ ਪ੍ਰਵਾਸੀ ਮਜ਼ਦੂਰਾਂ ਦੇ ਛਿਲਾਈ ਦੇ ਖਰਚੇ ਦੇਣ ਤੋਂ ਤੰਗ ਆਏ ਪਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇਹ ਮਾਮਲਾ ਕਈ ਵਾਰ ਖੰਡ ਮਿੱਲ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਪ੍ਰਬੰਧਕ ਟਾਲ ਮਟੋਲ ਕਰਦੇ ਰਹੇ। ਇਸ ਤੋਂ ਖਫ਼ਾ ਹੋ ਕੇ ਅੱਜ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।

60 ਕਰੋੜ ਦੀ ਅਦਾਇਗੀ ਦੇ ਸਮਝੌਤੇ ਮਗਰੋਂ ਧਰਨਾ ਚੁੱਕਿਆ

ਦੇਰ ਸ਼ਾਮ ਛੇ ਵਜੇ ਖੰਡ ਮਿੱਲ ਪ੍ਰਬੰਧਕ ਸੰਜੇ ਸਿੰਘ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦਰਮਿਆਨ ਹੋਏ 7 ਮਾਰਚ ਤੱਕ 60 ਕਰੋੜ ਦੀ ਅਦਾਇਗੀ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਖੰਡ ਮਿੱਲ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਹੈ ਕਿ 18 ਤੋਂ 25 ਫਰਵਰੀ ਤੱਕ ਖੰਡ ਮਿੱਲ ਕਿਸਾਨਾਂ ਦੇ ਖਾਤਿਆਂ ਵਿੱਚ 20 ਕਰੋੜ ਪਾਏਗੀ ਅਤੇ 26 ਫਰਵਰੀ ਤੋਂ 4 ਮਾਰਚ ਦਰਮਿਆਨ 20 ਕਰੋੜ ਹੋਰ ਅਦਾ ਕਰ ਦਿੱਤੇ ਜਾਣਗੇ। ਰਹਿੰਦੇ 20 ਕਰੋੜ 4 ਤੋਂ 7 ਮਾਰਚ ਤੱਕ ਅਦਾ ਕਰ ਦਿੱਤੇ ਜਾਣਗੇ ਅਤੇ ਭਲਕੇ ਦੋ ਦਿਨ ਦੀ ਇਕੱਠੀ ਅਦਾਇਗੀ ਕਰ ਦਿੱਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪ੍ਰਬੰਧਕਾਂ ਨੇ ਆਪਣਾ ਰਵੱਈਆ ਨਾ ਸੁਧਾਰਿਆ ਤਾਂ ਉਹ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ।

Share: