ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਬਰਫ਼ਬਾਰੀ ਤੇ ਮੀਂਹ ਨਾਲ ਪਹਾੜੀ ਇਲਾਕਿਆਂ ਦੇ ਨਾਲ ਮੈਦਾਨੀ ਇਲਾਕਿਆਂ ਵਿਚ ਠੰਢ ਨੇ ਮੁੜ ਜ਼ੋਰ ਫੜ ਲਿਆ ਹੈ। ਸੱਜਰੀ ਬਰਫ਼ਬਾਰੀ ਤੇ ਮੀਂਹ ਕਰਕੇ ਹਿਮਾਚਲ ਵਿਚ ਦੋ ਸੌ ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ ਤੇ ਬਿਜਲੀ ਪਾਣੀ ਜਿਹੀਆਂ ਜ਼ਰੂਰੀ ਸੇਵਾਵਾਂ ਅਸਰਅੰਦਾਜ਼ ਹੋਈਆਂ ਹਨ। ਕੁੱਲੂ, ਲਾਹੌਰ ਤੇ ਸਪਿਤੀ, ਕਿਨੌਰ ਤੇ ਚੰਬਾ ਜ਼ਿਲ੍ਹਿਆਂ ਦੇ ਕਈ ਇਲਾਕੇ ਬਾਕੀ ਸੂਬੇ ਨਾਲੋਂ ਕੱਟੇ ਗਏ ਹਨ।
ਸ਼ਿਮਲਾ ਜ਼ਿਲ੍ਹੇ ਦੇ ਡੋਡਰਾ-ਕਵਾਰ ਵਿਚ ਭਾਰੀ ਬਰਫ਼ਬਾਰੀ ਜਾਰੀ ਹੈ ਤੇ ਵਾਦੀ ਵਿਚ ਆਉਣ ਵਾਲੀਆਂ ਸਾਰੀਆਂ ਸੜਕਾਂ ਬੰਦ ਹੋ ਗਈਆਂ ਹਨ। ਲਾਹੌਲ ਤੇ ਸਪਿਤੀ ਅਤੇ ਚੰਬਾ ਜਿਹੇ ਕਈ ਜ਼ਿਲ੍ਹਿਆਂ ਵਿਚ ਸਿੱੱਖਿਆ ਸੰਸਥਾਵਾਂ ਅੱਜ ਬੰਦ ਰਹਿਣਗੀਆਂ।
ਬਹੁਤੀਆਂ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਕਿਨੌਰ, ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਅਤੇ ਚੰਬਾ, ਸ਼ਿਮਲਾ, ਮੰਡੀ, ਸਿਰਮੌਰ, ਕਾਂਗੜਾ ਅਤੇ ਕੁੱਲੂ ਮਨਾਲੀ ਦੇ ਉੱਚੇ ਇਲਾਕਿਆਂ ਵਿੱਚ ਬਹੁਤ ਭਾਰੀ ਬਰਫ਼ਬਾਰੀ ਤੇ ਇੱਕ-ਦੋ ਥਾਵਾਂ ’ਤੇ ਬਹੁਤ ਜ਼ਿਆਦਾ ਬਰਫ਼ਬਾਰੀ ਹੋ ਸਕਦੀ ਹੈ।
ਰਾਜ ਦੇ ਜ਼ਿਆਦਾਤਰ ਹੋਰਨਾਂ ਹਿੱਸਿਆਂ ਵਿੱਚ, ਅਗਲੇ ਕੁਝ ਘੰਟਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸ਼ਿਮਲਾ ਵਿੱਚ ਕੱਲ੍ਹ ਰਾਤ ਲਗਾਤਾਰ ਮੀਂਹ ਪਿਆ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਰ ਮੀਂਹ ਅਤੇ ਹਲਕੀ ਬਰਫ਼ਬਾਰੀ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਸ਼ਿਮਲਾ ਵਿੱਚ ਸਾਰੇ ਵਿਦਿਅਕ ਅਦਾਰੇ ਖੁੱਲ੍ਹੇ ਰਹਿਣਗੇ।
ਭਾਰੀ ਬਰਫ਼ਬਾਰੀ ਤੋਂ ਬਾਅਦ ਫਿਸਲਣ ਕਾਰਨ ਸ਼ਿਮਲਾ ਜ਼ਿਲ੍ਹੇ ਵਿੱਚ ਨਾਰਕੰਡਾ ਨੇੜੇ ਰਾਸ਼ਟਰੀ ਰਾਜਮਾਰਗ 5 (ਹਿੰਦੁਸਤਾਨ ਤਿੱਬਤ ਰੋਡ) ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਟਰੈਫਿਕ ਨੂੰ ਸੈਨਜ ਤੋਂ ਲੁਹਰੀ/ਸੁੰਨੀ ਰਾਹੀਂ ਸ਼ਿਮਲਾ ਵੱਲ ਮੋੜ ਦਿੱਤਾ ਗਿਆ ਹੈ। ਸ਼ਿਮਲਾ ਜ਼ਿਲ੍ਹੇ ਵਿੱਚ ਕੁੱਲ 12 ਸੜਕਾਂ ਬੰਦ ਹਨ।
ਜੀਰਾ ਨਾਲਾ ਵਿੱਚ ਇੱਕ ਨਕਲੀ ਝੀਲ ਬਣਨ ਕਾਰਨ ਕੁੱਲੂ ਜ਼ਿਲ੍ਹੇ ਦੇ ਮਣੀਕਰਨ ਘਾਟੀ ਦੇ ਤੋਸ਼ ਪਿੰਡ ਵਿੱਚ ਅਚਾਨਕ ਹੜ੍ਹ ਦੇ ਖ਼ਤਰੇ ਕਰਕੇ ਲੋਕ ਦਹਿਸ਼ਤ ਵਿਚ ਹਨ। ਅਧਿਕਾਰੀਆਂ ਨੇ ਕਿਹਾ ਨਾਲੇ ਦੇ ਨਾਲ ਹੇਠਲੇ ਪਾਸੇ ਰਹਿੰਦੇ ਲੋਕਾਂ ਨੂੰ ਉਥੋਂ ਕੱਢ ਕੇ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕੀਤਾ ਗਿਆ ਹੈ।
ਹਿਮਾਚਲ ਪ੍ਰਦੇਸ਼ ਵਿੱਚ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਬਰਫ਼ ਖਿਸਕਣ ਦਾ ਖ਼ਤਰਾ ਵੱਧ ਗਿਆ ਹੈ।
ਮੌਸਮ ਵਿਭਾਗ ਨੇ ਲਾਹੌਲ ਅਤੇ ਸਪਿਤੀ, ਚੰਬਾ, ਕਿਨੌਰ ਅਤੇ 2,300 ਮੀਟਰ ਦੀ ਉਚਾਈ ਤੋਂ ਉੱਪਰ ਦੇ ਖੇਤਰਾਂ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਇਹ ਚੇਤਾਵਨੀ 28 ਫਰਵਰੀ ਸ਼ਾਮ 5:00 ਵਜੇ ਤੱਕ ਵੈਧ ਰਹੇਗੀ। ਮੌਸਮ ਵਿਭਾਗ ਨੇ ਉਚਾਈ ਵਾਲੇ ਖੇਤਰਾਂ ਵਿੱਚ ਬਰਫ਼ ਖਿਸਕਣ ਦੀ ਚੇਤਾਵਨੀ ਦਿੱਤੀ ਹੈ।
ਲਾਹੌਲ ਅਤੇ ਸਪਿਤੀ ਪੁਲੀਸ ਨੇ ਆਮ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਬਰਫ਼ ਖਿਸਕਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਚਾਈ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ।
ਸਥਾਨਕ ਮੌਸਮ ਵਿਭਾਗ ਨੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮੰਡੀ, ਕਾਂਗੜਾ, ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਦੂਰ-ਦੁਰਾਡੇ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਲਾਹੌਲ ਅਤੇ ਸਪਿਤੀ ਵਿੱਚ ਭਾਰੀ ਬਰਫ਼ਬਾਰੀ ਅਤੇ ਸ਼ਿਮਲਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ।
ਲਾਹੌਲ ਅਤੇ ਸਪਿਤੀ ਜ਼ਿਲ੍ਹੇ ਵਿੱਚ ਬੀਤੀ ਰਾਤ ਸਭ ਤੋਂ ਠੰਡਾ ਰਹੀ, ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਨਾਹਨ ਦਿਨ ਵੇਲੇ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਰਿਹਾ।