ਸੰਭਲ : ਉੱਤਰ ਪ੍ਰਦੇਸ਼ ਪੁਲੀਸ ਦੀ ਐਸਆਈਟੀ ਨੇ 24 ਨਵੰਬਰ ਨੂੰ ਵਾਪਰੀ ਸੰਭਲ ਹਿੰਸਾ ਸਬੰਧੀ 12 ਵਿੱਚੋਂ ਛੇ ਮਾਮਲਿਆਂ ’ਚ 4,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜ਼ਿਕਰਯੋਗ ਹੈ ਹਿੰਸਾ ਦੇ ਨਤੀਜੇ ਵਜੋਂ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਚਾਰਜਸ਼ੀਟ ਅਨੁਸਾਰ ਹੁਣ ਤੱਕ 80 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ 79 ਅਜੇ ਬਾਕੀ ਹਨ। ਚਾਰਜਸ਼ੀਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹਿੰਸਾ ਵਾਲੀ ਥਾਂ ਅਤੇ ਹੋਰ ਥਾਵਾਂ ਤੋਂ ਬਰਾਮਦ ਕੀਤੇ ਗਏ ਹਥਿਆਰ ਯੂਨਾਈਟਿਡ ਕਿੰਗਡਮ, ਅਮਰੀਕਾ, ਜਰਮਨੀ ਅਤੇ ਚੈਕੋਸਲੋਵਾਕੀਆ ਵਿੱਚ ਬਣਾਏ ਗਏ ਸਨ। ਸੰਭਲ ਦੇ ਪੁਲੀਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਕਿਹਾ ਹਿੰਸਾ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਸਟੇਸ਼ਨ ਇੰਚਾਰਜ ਦੀ ਨਿੱਜੀ ਬਾਈਕ ਅਤੇ ਸਰਕਾਰੀ ਕਾਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਬਾਈਕ ਸੜਨ ਤੋਂ ਬਚ ਗਈ ਪਰ ਸਰਕਾਰੀ ਕਾਰ ਪੂਰੀ ਤਰ੍ਹਾਂ ਨਾਲ ਸੜ ਗਈ। ਇਸ ਮਾਮਲੇ ਵਿੱਚ ਕੁੱਲ 23 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅਧਿਕਾਰੀਆਂ ਨੇ ਇਨ੍ਹਾਂ ਕੋਲੋਂ ਇੱਕ 09 ਐਮਐਮ ਪਿਸਤੌਲ, ਤਿੰਨ 32 ਐਮਐਮ ਪਿਸਤੌਲ, ਇੱਕ 32 ਐਮਐਮ ਦਾ ਮੈਗਜ਼ੀਨ, ਇੱਕ 09 ਐਮਐਮ ਦਾ ਮੈਗਜ਼ੀਨ, ਤਿੰਨ 12 ਬੋਰ ਦੇਸੀ ਬੰਦੂਕਾਂ, ਪੰਜ ਜਿੰਦਾ 09 ਐਮਐਮ ਕਾਰਤੂਸ, ਇੱਕ 315 ਬੋਰ ਦਾ ਜ਼ਿੰਦਾ ਕਾਰਤੂਸ ਅਤੇ ਹੋਰ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਚਾਰਜਸ਼ੀਟ ਦਾਇਰ ਕੀਤੇ ਜਾਣ ਤੋਂ ਬਾਅਦ ਪੁਲੀਸ ਦੀ ਸ਼ਲਾਘਾ ਕੀਤੀ।