ਹਜ਼ਾਰੀਬਾਗ : ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਫੌਜ ਦੇ ਕੈਪਟਨ ਕਰਮਜੀਤ ਸਿੰਘ ਬਖ਼ਸ਼ੀ ਦਾ ਅੱਜ ਝਾਰਖੰਡ ਦੇ ਹਜ਼ਾਰੀਬਾਗ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਅਖਨੂਰ ਖੇਤਰ ਵਿੱਚ ਮੰਗਲਵਾਰ ਨੂੰ ਕੰਟਰੋਲ ਰੇਖਾ ਨੇੜੇ ਸ਼ੱਕੀ ਅਤਿਵਾਦੀਆਂ ਵੱਲੋਂ ਵਿਛਾਈ ਗਈ ਬਾਰੂਦੀ ਸੁਰੰਗ ਵਿੱਚ ਪੰਜਾਬ ਰੈਜੀਮੈਂਟਲ ਸੈਂਟਰ ਦੇ 27 ਸਾਲਾ ਇਸ ਅਧਿਕਾਰੀ ਸਣੇ ਦੋ ਫੌਜੀ ਸ਼ਹੀਦ ਹੋ ਗਏ ਸਨ। ਸ਼ਹੀਦ ਹੋਏ ਅਧਿਕਾਰੀ ਦਾ ਇੱਥੇ ਖਿਰਗਾਓਂ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।
ਬਖ਼ਸ਼ੀ ਦਾ ਵਿਆਹ ਅਪਰੈਲ ਵਿੱਚ ਹੋਣਾ ਸੀ ਅਤੇ ਉਨ੍ਹਾਂ ਦੀ ਮੰਗੇਤਰ ਜੰਮੂ ਵਿੱਚ ਫੌਜ ਦੇ ਡਾਕਟਰ ਵਜੋਂ ਤਾਇਨਾਤ ਹੈ। ਇਸ ਤੋਂ ਪਹਿਲਾਂ ਕੈਪਟਨ ਬਖ਼ਸ਼ੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਲਿਆਂਦੀ ਗਈ ਸੀ। ਫੌਜੀ ਅਧਿਕਾਰੀ ਨੂੰ ਅੰਤਿਮ ਵਿਦਾਇਗੀ ਦੇਣ ਵਾਲੇ ਲੋਕਾਂ ਦੀਆਂ ਸੜਕਾਂ ’ਤੇ ਲਾਈਨਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਸਨ ਜਿਹੜੇ ਕੈਪਟਨ ਬਖ਼ਸ਼ੀ ਨੂੰ ਬਚਪਨ ਤੋਂ ਜਾਣਦੇ ਸਨ।
ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ, ਵਿੱਤ ਮੰਤਰੀ ਰਾਧਾ ਕ੍ਰਿਸ਼ਨ ਕਿਸ਼ੋਰ ਅਤੇ ਵੱਡੀ ਗਿਣਤੀ ਫੌਜੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਿਰਸਾ ਮੁੰਡਾ ਹਵਾਈ ਅੱਡੇ ’ਤੇ ਸ਼ਹੀਦ ਫੌਜੀ ਅਧਿਕਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਕੈਪਟਨ ਕਰਮਜੀਤ ਸਿੰਘ ਬਖ਼ਸ਼ੀ ਤੇ ਫੌਜ ਦੇ ਇਕ ਹੋਰ ਜਵਾਨ ਦੀ ਸ਼ਹਾਦਤ ਦੀ ਦੁੱਖਦਾਈ ਖ਼ਬਰ ਮਿਲੀ। ਮਾਰੰਗ ਬੁਰੂ ਸ਼ਹੀਦ ਸੈਨਿਕਾਂ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ।’’