ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਦੀ ਕੇਂਦਰੀ ਸਹਿਕਾਰੀ ਬੈਂਕ ਵਿੱਚੋਂ ਸਟਰਾਂਗ ਰੂਮ ਦੇ ਤਾਲੇ ਤੋੜ ਕੇ ਤਿੰਨ ਅਣਪਛਾਤੇ ਵਿਅਕਤੀ ਬੈਂਕ ਦੇ ਗੰਨਮੈਨ ਦੀ ਬੰਦੂਕ ਅਤੇ 10 ਕਾਰਤੂਸ ਚੋਰੀ ਕਰ ਕੇ ਲੈ ਗਏ। ਪੁਲੀਸ ਨੇ ਇਸ ਮਾਮਲੇ ਵਿੱਚ ਥਾਣਾ ਸਦਰ ਕੋਟਕਪੂਰਾ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੈਂਕ ਮੈਨੇਜਰ ਬਿਨੀ ਕਟਾਰੀਆ ਵੱਲੋਂ ਥਾਣਾ ਸਦਰ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਬੀਤੀ ਰਾਤ ਸਾਢੇ ਤਿੰਨ ਵਜੇ ਦੇ ਕਰੀਬ ਇੱਕ ਮੋਟਰ ਸਾਈਕਲ ’ਤੇ ਤਿੰਨ ਨੌਜਵਾਨ ਆਏ। ਇਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸੀ ਤੇ ਉਹ ਬੈਂਕ ਦੇ ਸ਼ਟਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ। ਮਗਰੋਂ ਉਨ੍ਹਾਂ ਨੇ ਅੰਦਰਲੇ ਸਟਰਾਂਗ ਰੂਮ ਦੇ ਦੋਵੇਂ ਤਾਲੇ ਤੋੜੇ ਤੇ ਉਥੋਂ ਗੰਨਮੈਨ ਦੀ ਲਾਇਸੈਂਸੀ ਦੋਨਾਲੀ ਬੰਦੂਕ ਅਤੇ 10 ਕਾਰਤੂਸ ਚੋਰੀ ਕਰ ਕੇ ਲੈ ਗਏ। ਬੈਂਕ ਮੈਨੇਜਰ ਨੇ ਦੱਸਿਆ ਕਿ ਅਣਪਛਾਤਿਆਂ ਨੇ ਇਸ ਵਾਰਦਾਤ ਨੂੰ ਚਾਰ ਤੋਂ ਪੰਜ ਮਿੰਟਾਂ ਵਿੱਚ ਹੀ ਅੰਜਾਮ ਦੇ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਂਏ ਸੰਹਿਤਾ (ਬੀਐਨਐਸ) ਦੀਆਂ ਵੱਖ ਵੱਖ ਧਰਾਵਾਂ ਤਹਿਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।