ਸਲਾਮਤੀ ਕੌਂਸਲ ਦੀ ਮੀਟਿੰਗ ’ਚ ਪਾਕਿ ਦੇ ਉਪ ਪ੍ਰਧਾਨ ਮੰਤਰੀ ਦੇ ਬਿਆਨ ਦਾ ਡਟ ਕੇ ਵਿਰੋਧ ਕੀਤਾ

ਸਲਾਮਤੀ ਕੌਂਸਲ ਦੀ ਮੀਟਿੰਗ ’ਚ ਪਾਕਿ ਦੇ ਉਪ ਪ੍ਰਧਾਨ ਮੰਤਰੀ ਦੇ ਬਿਆਨ ਦਾ ਡਟ ਕੇ ਵਿਰੋਧ ਕੀਤਾ

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪੱਕੇ ਨੁਮਾਇੰਦੇ ਪਰਵਤਾਨੇਨੀ ਹਰੀਸ਼ ਨੇ ਕਿਹਾ ਹੈ ਕਿ ਭਾਰਤ ਜੈਸ਼-ਏ-ਮੁਹੰਮਦ ਅਤੇ ਹਰਕਤ ਉਲ ਮੁਜਾਹਿਦੀਨ ਸਮੇਤ ਦਰਜਨਾਂ ਹੋਰ ਜਥੇਬੰਦੀਆਂ ਰਾਹੀਂ ਪਾਕਿਸਤਾਨ ਦੇ ਦਹਿਸ਼ਤੀ ਕਾਰਿਆਂ ਦਾ ਪੀੜਤ ਰਿਹਾ ਹੈ ਅਤੇ ਇਹ ਹੈਰਾਨੀ ਦੀ ਗੱਲ ਹੈ ਕਿ ਅਤਿਵਾਦ ਦਾ ਆਲਮੀ ਕੇਂਦਰ ਇਸ ਸੰਕਟ ਖ਼ਿਲਾਫ਼ ਲੜਨ ਦਾ ਦਾਅਵਾ ਕਰਦਿਆਂ ਆਪਣੀ ਪਿੱਠ ਥਾਪੜਦਾ ਹੈ। ਚੀਨ ਦੀ ਅਗਵਾਈ ਹੇਠ ਹੋਈ ਸਲਾਮਤੀ ਕੌਂਸਲ ਦੀ ਮੀਟਿੰਗ ’ਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਵੱਲੋਂ ਮੰਗਲਵਾਰ ਨੂੰ ਕੌਂਸਲ ਦੀ ‘ਬਹੁਧਿਰਵਾਦ ਦਾ ਅਭਿਆਸ, ਆਲਮੀ ਪ੍ਰਸ਼ਾਸਨ ’ਚ ਸੁਧਾਰ’ ਵਿਸ਼ੇ ’ਤੇ ਖੁੱਲ੍ਹੀ ਬਹਿਸ ’ਚ ਜੰਮੂ ਕਸ਼ਮੀਰ ਬਾਰੇ ਟਿੱਪਣੀ ਕਰਨ ਮਗਰੋਂ ਹਰੀਸ਼ ਨੇ ਸਖ਼ਤ ਸ਼ਬਦਾਂ ’ਚ ਦੇਸ਼ ਦਾ ਰੁਖ਼ ਸਪੱਸ਼ਟ ਕੀਤਾ। ਹਰੀਸ਼ ਨੇ ਕਿਹਾ, ‘‘ਪਾਕਿਸਤਾਨ 20 ਤੋਂ ਵੱਧ ਸੰਯੁਕਤ ਰਾਸ਼ਟਰ ’ਚ ਸੂਚੀਬੱਧ ਅਤਿਵਾਦੀ ਜਥੇਬੰਦੀਆਂ ਨੂੰ ਪਨਾਹ ਦਿੰਦਾ ਹੈ ਅਤੇ ਸਰਹੱਦ ਪਾਰ ਅਤਿਵਾਦ ਨੂੰ ਹਮਾਇਤ ਪ੍ਰਦਾਨ ਕਰਦਾ ਹੈ।’’ ਪਾਕਿਸਤਾਨ ਸਥਿਤ ਕਈ ਦਹਿਸ਼ਤੀ ਜਥੇਬੰਦੀਆਂ ਅਤੇ ਲੋਕ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ‘1267 ਅਲਕਾਇਦਾ ਪਾਬੰਦੀ ਕਮੇਟੀ’ ਤਹਿਤ ਸੂਚੀਬੱਧ ਹਨ ਅਤੇ ਉਨ੍ਹਾਂ ਦੀ ਸੰਪਤੀ ਜ਼ਬਤ ਹੈ ਤੇ ਯਾਤਰਾ ’ਤੇ ਪਾਬੰਦੀ ਹੈ। ਹਰੀਸ਼ ਨੇ ਕਿਹਾ ਕਿ ਅਤਿਵਾਦ ਦਾ ਕੋਈ ਵੀ ਰੂਪ, ਪ੍ਰਕਾਰ ਅਤੇ ਉਦੇਸ਼ ਭਾਵੇਂ ਜੋ ਵੀ ਹੋਵੇ, ਉਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕੌਂਸਲ ਦਾ ਸਮਾਂ ਬਰਬਾਦ ਨਾ ਕੀਤਾ ਜਾਵੇ। ਹਰੀਸ਼ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਹਮੇਸ਼ਾ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਅੱਗੇ ਵੀ ਰਹੇਗਾ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ।

ਭਾਰਤ ਨੇ ਸਲਾਮਤੀ ਕੌਂਸਲ ਦੀ ਮੀਟਿੰਗ ’ਚ ਕਿਹਾ ਕਿ ਯੂਐੱਨਐੱਸਸੀ ਦੇ ਪੱਕੇ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਵਿਰੋਧ ਕਰਨ ਵਾਲੇ ਮੁਲਕਾਂ ਦੀ ਸੋਚ ਸੌੜੀ ਅਤੇ ਨਜ਼ਰੀਆ ਗ਼ੈਰ-ਪ੍ਰਗਤੀਸ਼ੀਲ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪੱਕੇ ਨੁਮਾਇੰਦੇ ਪਰਵਤਾਨੇਨੀ ਹਰੀਸ਼ ਨੇ ਕਿਹਾ ਕਿ ਇਸ ਰਵੱਈਏ ਨੂੰ ਹੁਣ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਗਲੋਬਲ ਸਾਊਥ’ ਨਾਲ ਮਾੜਾ ਸਲੂਕ ਜਾਰੀ ਨਹੀਂ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਦੁਨੀਆ ਦੇ ਹੋਰ ਮੁਲਕ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ’ਚ ਢੁੱਕਵੀਂ ਨੁਮਾਇੰਦਗੀ ਦੇ ਹੱਕਦਾਰ ਹਨ।

Share: