ਯੂਕਰੇਨ ’ਤੇ ਹਮਲੇ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਅਮਰੀਕਾ ਦਾ ਇਨਕਾਰ

ਯੂਕਰੇਨ ’ਤੇ ਹਮਲੇ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਅਮਰੀਕਾ ਦਾ ਇਨਕਾਰ

ਸੰਯੁਕਤ ਰਾਸ਼ਟਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਿੱਚ ਅੰਤਰ-ਅਟਲਾਂਟਿਕ ਸਬੰਧਾਂ ਵਿੱਚ ਨਾਟਕੀ ਮੋੜ ਆ ਗਿਆ ਹੈ। ਅਮਰੀਕਾ ਨੇ ਯੂਕਰੇਨ ਜੰਗ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਤਿੰਨ ਮਤਿਆਂ ’ਤੇ ਸੋਮਵਾਰ ਨੂੰ ਵੋਟਿੰਗ ਵਿੱਚ ਯੂਕਰੇਨ ’ਤੇ ਹਮਲੇ ਸਬੰਧੀ ਰੂਸ ਨੂੰ ਦੋਸ਼ੀ ਠਹਿਰਾਉਣ ਤੋਂ ਇਨਕਾਰ ਕਰ ਦਿੱਤਾ। ਅਮਰੀਕਾ ਨੇ ਇਸ ਮਾਮਲੇ ’ਤੇ ਆਪਣੇ ਯੂਰਪੀ ਸਹਿਯੋਗੀਆਂ ਨਾਲੋਂ ਵੱਖਰਾ ਰੁਖ਼ ਅਪਣਾਇਆ। ਯੂਕਰੇਨ ਵਿੱਚ ਤਿੰਨ ਸਾਲ ਤੋਂ ਜਾਰੀ ਜੰਗ ਨੂੰ ਖਤਮ ਕਰਨ ਦੀ ਮੰਗ ਕਰਦਿਆਂ ਸੰਯੁਕਤ ਰਾਸ਼ਟਰ ਵਿੱਚ ਇਹ ਮਤੇ ਪੇਸ਼ ਕੀਤੇ ਗਏ ਸਨ।

ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਅਮਰੀਕਾ ਤੇ ਰੂਸ ਨੇ ਯੂਰਪ ਦੇ ਸਮਰਥਨ ਵਾਲੇ ਯੂਕਰੇਨ ਦੇ ਮਤੇ ਖ਼ਿਲਾਫ਼ ਵੋਟ ਪਾਈ। ਇਸ ਮਤੇ ਵਿੱਚ ਰੂਸੀ ਹਮਲੇ ਦੀ ਨਿੰਦਾ ਕੀਤੀ ਗਈ ਹੈ ਅਤੇ ਰੂਸੀ ਫੌਜਾਂ ਦੀ ਫੌਰੀ ਵਾਪਸੀ ਦੀ ਮੰਗ ਕੀਤੀ ਗਈ ਹੈ। ਇਹ ਵੋਟਿੰਗ ਉਸ ਸਮੇਂ ਹੋਈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਵਾਸ਼ਿੰਗਟਨ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਮੇਜ਼ਬਾਨੀ ਕਰ ਰਹੇ ਸਨ। ਇਸ ਤੋਂ ਬਾਅਦ ਅਮਰੀਕਾ ਨੇ 193 ਮੈਂਬਰੀ ਵਿਸ਼ਵ ਸੰਸਥਾ ਦੀ ਸ਼ਕਤੀਸ਼ਾਲੀ ਸਲਾਮਤੀ ਕੌਂਸਲ ਵਿੱਚ ਆਪਣੇ ਮੂਲ ਖਰੜੇ ’ਤੇ ਵੋਟ ਪਾਉਣ ਲਈ ਦਬਾਅ ਪਾਇਆ।

ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਪੱਕੇ ਮੈਂਬਰ ਦੇਸ਼ਾਂ ਅਮਰੀਕਾ, ਰੂਸ, ਚੀਨ, ਬਰਤਾਨੀਆ ਅਤੇ ਫਰਾਂਸ ਕੋਲ ਵੀਟੋ ਹੈ। 15 ਮੈਂਬਰੀ ਕੌਂਸਲ ਵਿੱਚ 10 ਵੋਟਾਂ ਪਈਆਂ, ਜਦੋਂਕਿ ਪੰਜ ਦੇਸ਼ਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਇਹ ਸਾਰੇ ਯੂਰਪੀ ਦੇਸ਼ ਸਨ। ਅਮਰੀਕਾ ਦਾ ਰਾਸ਼ਟਰਪਤੀ ਬਣਨ ਮਗਰੋਂ ਟਰੰਪ ਨੇ ਲੜਾਈ ਦੇ ਜਲਦੀ ਤੋਂ ਜਲਦੀ ਹੱਲ ਲਈ ਰੂਸ ਨਾਲ ਅਚਾਨਕ ਗੱਲਬਾਤ ਸ਼ੁਰੂ ਕਰ ਦਿੱਤੀ। ਇਸ ਕਾਰਨ ਯੂਕਰੇਨ ਨਾਲ ਅਮਰੀਕਾ ਦੇ ਰਿਸ਼ਤੇ ਵਿੱਚ ਕੁੜੱਤਣ ਆਈ ਹੈ। ਯੂਰਪੀ ਆਗੂ ਇਸ ਇਸ ਗੱਲ ਤੋਂ ਨਾਰਾਜ਼ ਹਨ ਕਿ ਪਿਛਲੇ ਹਫ਼ਤੇ ਉਨ੍ਹਾਂ ਨੂੰ ਅਤੇ ਯੂਕਰੇਨ ਨੂੰ ਰੂਸ ਨਾਲ ਸ਼ੁਰੂਆਤੀ ਗੱਲਬਾਤ ਤੋਂ ਬਾਹਰ ਰੱਖਿਆ ਗਿਆ।

Share: