ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਅਦਾਲਤ ਨੂੰ ਕਿਹਾ ਕਿ ਉਹ ਅਤਿਵਾਦ ਫੰਡਿੰਗ ਮਾਮਲੇ ਵਿੱਚ ਜੇਲ੍ਹ ’ਚ ਬੰਦ ਜੰਮੂ ਕਸ਼ਮੀਰ ਦੇ ਸੰਸਦ ਮੈਂਬਰ ਅਬਦੁੱਲ ਰਾਸ਼ਿਦ ਸ਼ੇਖ ਉਰਫ਼ ਇੰਜਨੀਅਰ ਰਾਸ਼ਿਦ ਦੀ ਜ਼ਮਾਨਤ ਅਰਜ਼ੀ ਸਬੰਧੀ ਜਲਦੀ ਫੈਸਲਾ ਕਰੇ। ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਵਿਕਾਸ ਮਹਾਜਨ ਨੇ ਕਿਹਾ, ‘‘ਪਟਿਆਲਾ ਹਾਊਸ ਕੋਰਟ ਦੇ ਵਧੀਕ ਸੈਸ਼ਨ ਜੱਜ -03 ਨੂੰ ਬੇਨਤੀ ਹੈ ਕਿ ਪਟੀਸ਼ਨਰ ਦੀ ਜ਼ਮਾਨਤ ਅਰਜ਼ੀ ਦਾ ਜਲਦੀ ਨਿਪਟਾਰਾ ਕੀਤਾ ਜਾਵੇ।’’
ਅਦਾਲਤ ਰਾਸ਼ਿਦ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਸ ਦੀ ਜ਼ਮਾਨਤ ਅਰਜ਼ੀ ’ਤੇ ਵਿਚਾਰ ਕਰ ਰਹੀ ਐੱਨਆਈਏ ਅਦਾਲਤ ਨੇ ਸੰਸਦ ਮੈਂਬਰ ਬਣਨ ਮਗਰੋਂ ਉਸ ਨੂੰ ਅੱਧ-ਵਿਚਾਲੇ ਛੱਡ ਦਿੱਤਾ ਅਤੇ ਉਸ ਕੋਲ ਰਾਹਤ ਦਾ ਕੋਈ ਰਾਹ ਨਹੀਂ ਬਚਿਆ। ਜਸਟਿਸ ਮਹਾਜਨ ਨੇ ਕਿਹਾ ਕਿ ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਸੀ, ਜਿਸ ਵਿੱਚ ਇਹ ਸਪਸ਼ਟ ਕੀਤਾ ਗਿਆ ਸੀ ਕਿ ਐੱਨਆਈਏ ਅਦਾਲਤ ਮਾਮਲੇ ਦੀ ਸੁਣਵਾਈ ਜਾਰੀ ਰੱਖੇਗੀ।