ਰਾਜੌਰੀ/ਜੰਮੂ : ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਸਥਿਤ ਇੱਕ ਪਿੰਡ ’ਚ ਅੱਜ ਸ਼ੱਕੀ ਅਤਿਵਾਦੀਆਂ ਨੇ ਸੈਨਾ ਦੇ ਇੱਕ ਵਾਹਨ ’ਤੇ ਗੋਲੀਬਾਰੀ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸੁੰਦਰਬਨੀ ਸੈਕਟਰ ਦੇ ਫਾਲ ਪਿੰਡ ਨੇੜੇ ਹੋਏ ਇਸ ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਜੰਗਲ ’ਚ ਲੁਕੇ ਅਤਿਵਾਦੀਆਂ ਨੇ ਇਲਾਕੇ ’ਚੋਂ ਲੰਘ ਰਹੇ ਸੈਨਾ ਦੇ ਵਾਹਨ ’ਤੇ ਕੁਝ ਗੋਲੀਆਂ ਚਲਾਈਆਂ ਹਨ। ਜੰਗਲ ਨੂੰ ਅਤਿਵਾਦੀਆਂ ਲਈ ਘੁਸਪੈਠ ਦਾ ਰਵਾਇਤੀ ਰਾਹ ਮੰਨਿਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੈਨਿਕਾਂ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਅਤਿਵਾਦੀਆਂ ਦੇ ਸਫਾਏ ਲਈ ਵਾਧੂ ਸੁਰੱਖਿਆ ਕਰਮੀ ਮੌਕੇ ’ਤੇ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਘਟਨਾ ਵਿੱਚ ਸੈਨਾ ਦੇ ਜਵਾਨਾਂ ਨੇ ਲੰਘੀ ਦੇਰ ਰਾਤ ਜੰਮੂ ਦੇ ਅਖਨੂਰ ਸੈਕਟਰ ਦੇ ਕੀਰੀ ਬੱਟਲ ਇਲਾਕੇ ’ਚ ਕੰਟਰੋਲ ਰੇਖਾ ਨੇੜੇ ਸ਼ੱਕੀ ਗਤੀਵਿਧੀਆਂ ਦੇਖਣ ਤੋਂ ਬਾਅਦ ਗੋਲੀ ਚਲਾਈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਜੋ ਆਖਰੀ ਰਿਪੋਰਟਾਂ ਮਿਲਣ ਤੱਕ ਜਾਰੀ ਸੀ।