ਅੰਮ੍ਰਿਤਸਰ : ਇੱਥੇ ਅੱਜ ਤੜਕੇ ਤੋਂ ਪੈ ਰਹੇ ਮੀਂਹ ਅਤੇ ਬੱਦਲਵਾਈ ਕਾਰਨ ਤਾਪਮਾਨ ਵਿੱਚ ਗਿਰਾਵਾਟ ਦਰਜ ਕੀਤੀ ਗਈ ਹੈ ਜਿਸ ਨਾਲ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਣ ਤੇ ਬੱਦਲਵਾਈ ਕਾਰਨ ਅੱਜ ਇੱਥੇ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਤੇਜ਼ ਹਵਾਵਾਂ ਵੀ ਚੱਲਦੀਆਂ ਰਹੀਆਂ। ਸ਼ਾਮ ਵੇਲੇ ਵੀ ਮੀਂਹ ਜਾਰੀ ਸੀ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧੁੱਪ ਪੈ ਰਹੀ ਸੀ ਅਤੇ ਤਾਪਮਾਨ ਵਧ ਗਿਆ ਸੀ, ਜਿਸ ਕਾਰਨ ਲੋਕਾਂ ਨੇ ਜੈਕਟਾਂ ਦੀ ਥਾਂ ਹਲਕੇ ਸਵੈਟਰ ਪਾਉਣੇ ਸ਼ੁਰੂ ਕਰ ਦਿੱਤੇ ਸਨ। ਮੌਸਮ ਵਿਭਾਗ ਵੱਲੋਂ ਕੀਤੀ ਪੇਸ਼ੀਨਗੋਈ ਮੁਤਾਬਕ 28 ਫਰਵਰੀ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਬਲਾਚੌਰ : ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅੱਜ ਸਵੇਰੇ 10 ਕੁ ਵਜੇ ਤੋਂ ਸ਼ੁਰੂ ਹੋਈ ਬਾਰਿਸ਼ ਰੁਕ-ਰੁਕ ਕੇ ਸਾਰਾ ਦਿਨ ਪੈਂਦੀ ਰਹੀ। ਫੱਗਣ ਦੇ ਮਹੀਨੇ ਵਿੱਚ ਹੋਈ ਇਹ ਬਾਰਿਸ਼ ਕਣਕ ਦੀ ਫ਼ਸਲ ਲਈ ਕਾਫੀ ਲਾਹੇਵੰਦ ਰਹੇਗੀ, ਜਿਸ ਕਾਰਨ ਇਲਾਕੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ। ਪਿਛਲੇ ਕਈ ਦਿਨਾਂ ਤੋਂ ਠੰਢ ਘਟਣ ਅਤੇ ਮੌਸਮ ਵਿੱਚ ਗਰਮਾਇਸ਼ ਆਉਣ ਕਾਰਨ ਕਿਸਾਨਾਂ ਨੂੰ ਕਣਕ ਦਾ ਝਾੜ ਘਟਣ ਦਾ ਝੋਰਾ ਖਾ ਰਿਹਾ ਸੀ। ਅੱਜ ਦੀ ਇਸ ਬਾਰਿਸ਼ ਨਾਲ ਠੰਢ ਵਧਣ ਦੀ ਵੀ ਸੰਭਾਵਨਾ ਬਣ ਗਈ ਹੈ, ਜੋ ਕਣਕ ਲਈ ਸ਼ੁਭ ਸੰਕੇਤ ਹੈ। ਕੰਢੀ ਇਲਾਕੇ ਵਿੱਚ ਸਿੰਜਾਈ ਸਹੂਲਤਾਂ ਘੱਟ ਹੋਣ ਕਾਰਨ ਕਿਸਾਨਾਂ ਨੂੰ ਕਣਕ ਦੀ ਫ਼ਸਲ ਨੂੰ ਪਾਣੀ ਲਗਾਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜੋ ਇਸ ਬਾਰਿਸ਼ ਨਾਲ ਕੁੱਝ ਹੱਦ ਤੱਕ ਘਟ ਗਈਆਂ ਹਨ।
ਮੀਂਹ ਨੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵਧਾਈਆਂ
ਸ਼ਾਹਕੋਟ : ਇਲਾਕੇ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਹੋ ਰਹੀ ਵਰਖਾ ਨੇ ਮਿਹਨਤਕਸ਼ ਮਜ਼ਦੂਰਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ। ਰਿਸਵਾਂ ਮੀਂਹ ਪੈਣ ਨਾਲ ਬਹੁਤ ਸਾਰੇ ਲੋਕਾਂ ਦੇ ਕੋਠੇ ਵੀ ਚੋਣ ਲੱਗ ਪਏ ਹਨ। ਦੂਜੇ ਪਾਸੇ ਮੀਂਹ ਨਾਲ ਕਣਕ ਕਾਸ਼ਤਕਾਰਾਂ ਦੇ ਚਿਹਰੇ ਖਿੜ੍ਹ ਗਏ ਹਨ। ਖੇਤੀਬਾੜੀ ਵਿਕਾਸ ਅਫ਼ਸਰ ਸ਼ਾਹਕੋਟ ਜਸਵੀਰ ਸਿੰਘ ਨੇ ਇਸ ਮੀਂਹ ਨੂੰ ਕਣਕ ਲਈ ਬੇਹੱਦ ਲਾਹੇਵੰਦ ਦੱਸਿਆ ਹੈ। ਕਿਸਾਨ ਬਲਕਾਰ ਸਿੰਘ ਚੱਠਾ ਅਤੇ ਮੇਜਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੀਂਹ ਨੇ ਆਲੂਆਂ ਦੀ ਚੱਲ ਰਹੀ ਪੁਟਾਈ ਦੇ ਕੰਮ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਆਲੂਆਂ ਦੀ ਫ਼ਸਲ ਵਿੱਚ ਪਾਣੀ ਨਹੀਂ ਖੜ੍ਹਦਾ, ਓਨ੍ਹਾਂ ਚਿਰ ਆਲੂਆਂ ਦੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ। ਡਾ. ਵਿਜੇ ਸਡਾਨਾ ਅਤੇ ਡਾ. ਧੀਰਜ ਨੇ ਮੀਂਹ ਦੇ ਲਾਭ ਦੱਸਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸੁੱਕੀ ਠੰਢ ਅਤੇ ਬਿਮਾਰੀਆਂ ਤੋਂ ਵੱਡੀ ਰਾਹਤ ਮਿਲੇਗੀ।