ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣੇ ਸੰਸਦੀ ਹਲਕੇ ਵਾਇਨਾਡ ’ਚ ਮਨੁੱਖ-ਪਸ਼ੂ ਸੰਘਰਸ਼ ਨਾਲ ਸਿੱਝਣ ਲਈ ਰਕਮ ਵਧਾਉਣ ਨੂੰ ਲੈ ਕੇ ਕੇਂਦਰ ਤੇ ਕੇਰਲ ਸਰਕਾਰ ’ਤੇ ਦਬਾਅ ਪਾਉਣ ਅਤੇ ਇਸ ਸਬੰਧੀ ਕਾਰਪੋਰੇਟ ਸਮਾਜਿਕ ਜਵਾਬਦੇਹੀ (ਸੀਐੱਸਆਰ) ਫੰਡ ਇਕੱਠੇ ਕਰਨ ਦਾ ਅਹਿਦ ਲਿਆ ਹੈ। ਤਿਰੂਵਮਬਾਡੀ ਵਿਧਾਨ ਸਭਾ ਹਲਕੇ ’ਚ ਪਾਰਟੀ ਦੇ ਬੂਥ ਪੱਧਰ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਹ ਮਨੁੱਖ-ਪਸ਼ੂ ਸੰਘਰਸ਼ ਦੀਆਂ ਘਟਨਾਵਾਂ ਨੂੰ ਘੱਟ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕਰੇਗੀ। ਉਨ੍ਹਾਂ ਕਿਹਾ ਕਿ ਮੰਨਤਵਾੜੀ ’ਚ ਬਾਘ ਦੇ ਹਮਲੇ ’ਚ ਇਕ ਮਹਿਲਾ ਦੀ ਮੌਤ ਮਗਰੋਂ ਜ਼ਿਲ੍ਹਾ ਮੈਜਿਸਟਰੇਟ ਅਤੇ ਜੰਗਲਾਤ ਅਧਿਕਾਰੀਆਂ ਨਾਲ ਚਰਚਾ ਦੌਰਾਨ ਇਸ ਮਾਮਲੇ ’ਚ ਫੰਡਾਂ ਦੀ ਘਾਟ ਦਾ ਮੁੱਦਾ ਉਭਰਿਆ ਸੀ। ਪ੍ਰਿਯੰਕਾ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਕਿਹਾ ਕਿ ਸਮੱਸਿਆ ਦੇ ਹੱਲ ਲਈ ਕੇਂਦਰ ਅਤੇ ਸੂਬਾ ਸਰਕਾਰ ’ਤੇ ਫੰਡ ਵਧਾਉਣ ਲਈ ਦਬਾਅ ਪਾਵਾਂਗੀ ਅਤੇ ਨਾਲ ਹੀ ਜਿਥੇ ਵੀ ਅਸੀਂ ਸਹਾਇਤਾ ਕਰ ਸਕਦੇ ਹਾਂ, ਉਥੇ ਸੀਐੱਸਆਰ ਫੰਡ ਇਕੱਠੇ ਕੀਤੇ ਜਾਣਗੇ।’’ ਉਨ੍ਹਾਂ ਕਿਹਾ ਕਿ ਜਨਵਰੀ ਤੋਂ ਹੁਣ ਤੱਕ ਜੰਗਲੀ ਜਾਨਵਰਾਂ ਦੇ ਹਮਲਿਆਂ ਕਾਰਨ ਵਾਇਨਾਡ ’ਚ ਚਾਰ ਮੌਤਾਂ ਹੋ ਚੁੱਕੀਆਂ ਹਨ। ਵਾਇਨਾਡ ਦੇ ਆਪਣੇ ਤਿੰਨ ਦਿਨਾਂ ਦੇ ਦੌਰੇ ਦੇ ਦੂਜੇ ਦਿਨ ਪ੍ਰਿਯੰਕਾ ਨੇ ਏਰਾਨਾਡ ਵਿਧਾਨ ਸਭਾ ਹਲਕੇ ’ਚ ਆਪਣੀ ਪਹਿਲੀ ਮੀਟਿੰਗ ’ਚ ਮਨੁੱਖ-ਪਸ਼ੂ ਸੰਘਰਸ਼ ਦੇ ਮੁੱਦੇ ’ਤੇ ਕਿਹਾ ਕਿ ਉਹ ਇਸ ਸਬੰਧੀ ਫੰਡ ਰਾਖਵੇਂ ਰੱਖਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਪੱਤਰ ਲਿਖੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਕ ਵਾਰ ਇਸ ਮੁੱਦੇ ਨੂੰ ਉਠਾ ਚੁੱਕੀ ਹੈ।
Posted inDelhi
ਵਾਇਨਾਡ ’ਚ ਮਨੁੱਖ ਅਤੇ ਪਸ਼ੂਆਂ ਵਿਚਾਲੇ ਸੰਘਰਸ਼ ਦੇ ਟਾਕਰੇ ਲਈ ਹੋਰ ਫੰਡ ਦਿੱਤੇ ਜਾਣ: ਪ੍ਰਿਯੰਕਾ
