ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਸਾਰਿਤ ‘ਪ੍ਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਦੇ ਅੱਠਵੇਂ ਐਡੀਸ਼ਨ ’ਚ ਲੀਡਰਸ਼ਿਪ ਦੇ ਪਾਠ ਤੋਂ ਲੈ ਕੇ ਧਿਆਨ, ਪ੍ਰੀਖਿਆ ਬਨਾਮ ਗਿਆਨ ਤੋਂ ਲੈ ਕੇ ਇੱਕ ਬੱਲੇਬਾਜ਼ ਦੀ ਤਰ੍ਹਾਂ ਧਿਆਨ ਕੇਂਦਰਿਤ ਕਰਨ ਤੱਕ ਕਈ ਵਿਸ਼ਿਆਂ ’ਤੇ ਵਿਦਿਆਰਥੀਆਂ ਨਾਲ ਗੱਲ ਕੀਤੀ। ਰਵਾਇਤੀ ‘ਟਾਊਨ ਹਾਲ’ ’ਚ ਕੀਤੀ ਜਾਂਦੀ ਗੱਲਬਾਤ ਤੋਂ ਹੱਟ ਕੇ ਇਸ ਬਾਰ ਪ੍ਰਧਾਨ ਮੰਤਰੀ ਨੇ ਵੱਧ ਗ਼ੈਰ-ਰਸਮੀ ਪ੍ਰਬੰਧ ਨੂੰ ਤਰਜੀਹ ਦਿੱਤੀ ਅਤੇ ਤਕਰੀਬਨ 35 ਵਿਦਿਆਰਥੀਆਂ ਨਾਲ ਇੱਥੇ ਸੁੰਦਰ ਨਰਸਰੀ ਵਿੱਚ ਖੁੱਲ੍ਹੇ ’ਚ ਗੱਲਬਾਤ ਕੀਤੀ। ਇਸ ਪ੍ਰੋਗਰਾਮ ਦਾ ਦੇਸ਼ ਪੱਧਰੀ ਪ੍ਰਸਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੇ ਦੇਖਿਆ।
ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ‘ਗਿਆਨ’ ਤੇ ਪ੍ਰੀਖਿਆ ਦੋਵੇਂ ਵੱਖ ਵੱਖ ਚੀਜ਼ਾਂ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪ੍ਰੀਖਿਆ ਨੂੰ ਜ਼ਿੰਦਗੀ ਦਾ ਆਖਰੀ ਟੀਚਾ ਨਹੀਂ ਸਮਝਣਾ ਚਾਹੀਦਾ। ਦੇਸ਼ ਭਰ ਦੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਦਾਇਰੇ ’ਚ ਨਹੀਂ ਬੰਨ੍ਹਿਆ ਜਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਆਪਣੀ ਖਾਹਿਸ਼ ਦੀ ਭਾਲ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸਮੇਂ ਦੀ ਵਰਤੋਂ ਯੋਜਨਾਬੱਧ ਢੰਗ ਨਾਲ ਕਰਨ ਲਈ ਕਿਹਾ ਤਾਂ ਜੋ ਇਸ ਦਾ ਅਸਰਦਾਰ ਪ੍ਰਬੰਧਨ ਹੋ ਸਕੇ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ‘ਆਪਣੇ ਸਮੇਂ, ਆਪਣੇ ਜੀਵਨ ’ਤੇ ਕੰਟਰੋਲ ਰੱਖਣ, ਵਰਤਮਾਨ ’ਚ ਜਿਊਣ, ਸਕਾਰਾਤਮਕਤਾ ਦੀ ਤਲਾਸ਼ ਕਰਨ ਤੇ ਪੋਸ਼ਣ’ ਜਿਹੇ ਮੁੱਦਿਆਂ ’ਤੇ ਗੱਲਬਾਤ ਕੀਤੀ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਦਿਖਾਵੇ ਲਈ ਮਾਡਲ ਵਜੋਂ ਨਾ ਵਰਤਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਦੀ ਤੁਲਨਾ ਦੂਜਿਆਂ ਨਾਲ ਨਹੀਂ ਕਰਨੀ ਚਾਹੀਦੀ ਸਗੋਂ ਬੱਚਿਆਂ ਦੀ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਬਦਕਿਸਮਤੀ ਨਾਲ ਇਹ ਆਮ ਧਾਰਨਾ ਹੈ ਕਿ ਜੇ ਕੋਈ 10ਵੀਂ ਤੇ 12ਵੀਂ ਬੋਰਡ ਦੀ ਪ੍ਰੀਖਿਆ ’ਚ ਚੰਗੇ ਅੰਕ ਨਹੀਂ ਲਿਆਂਦਾ ਤਾਂ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਸਮਾਜ ਦੀ ਵਜ੍ਹਾ ਕਾਰਨ ਘੱਟ ਅੰਕਾਂ ਕਾਰਨ ਘਰ ’ਚ ਤਣਾਅਪੂਰਨ ਮਾਹੌਲ ਬਣ ਜਾਂਦਾ ਹੈ। ਤੁਸੀਂ ਵੀ ਦਬਾਅ ’ਚ ਹੋ ਸਕਦੇ ਹੋ ਪਰ ਇਸ ਦੀ ਚਿੰਤਾ ਕੀਤੇ ਬਿਨਾਂ ਤਿਆਰੀ ਕਰੋ ਤੇ ਖੁਦ ਨੂੰ ਚੁਣੌਤੀ ਦਿੰਦੇ ਰਹੋ।’ ਪ੍ਰਧਾਨ ਮੰਤਰੀ ਨੇ ਚੰਗੀ ਨੀਂਦ ਦੇ ਮਹੱਤਵ ’ਤੇ ਰੋਸ਼ਨੀ ਪਾਈ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੇ ਉਹ ਵੱਧ ਅੰਕ ਨਹੀਂ ਲਿਆਉਂਦੇ ਤਾਂ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ।