ਭਾਰਤ ਦੀ ਵਿਕਾਸ ਗਾਥਾ ’ਚ ਅਸਾਮ ਨਿਭਾਏਗਾ ਅਹਿਮ ਭੂਮਿਕਾ: ਮੋਦੀ

ਭਾਰਤ ਦੀ ਵਿਕਾਸ ਗਾਥਾ ’ਚ ਅਸਾਮ ਨਿਭਾਏਗਾ ਅਹਿਮ ਭੂਮਿਕਾ: ਮੋਦੀ

ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਅਡਵਾਂਟੇਜ ਅਸਾਮ 2.0’ ਨਿਵੇਸ਼ ਸੰਮੇਲਨ ਪੂਰੀ ਦੁਨੀਆ ਨੂੰ ਅਸਾਮ ਦੀਆਂ ਸੰਭਾਵਨਾਵਾਂ ਅਤੇ ਤਰੱਕੀ ਨਾਲ ਜੋੜਨ ਲਈ ਵੱਡੀ ਮੁਹਿੰਮ ਹੈ ਅਤੇ ਇਹ ਉੱਤਰ-ਪੂਰਬ ਦੀ ‘ਪਵਿੱਤਰ ਧਰਤੀ’ ’ਤੇ ਨਵੇਂ ਯੁੱਗ ਦੀ ਸ਼ੁਰੂਆਤ ਹੈ। ਇਸ ਨਾਲ ਅਸਾਮ ਦੀ ਲਗਪਗ ਛੇ ਲੱਖ ਕਰੋੜ ਰੁਪਏ ਦੇ ਅਰਥਚਾਰੇ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਕਾਸ ਗਾਥਾ ਵਿੱਚ ਅਸਾਮ ਵੱਡੀ ਭੂਮਿਕਾ ਨਿਭਾਏਗਾ।

ਪ੍ਰਧਾਨ ਮੰਤਰੀ ਇੱਥੇ ‘ਅਡਵਾਂਟੇਜ ਅਸਾਮ 2.0 ਨਿਵੇਸ਼ ਤੇ ਬੁਨਿਆਦੀ ਢਾਂਚਾ ਸੰਮੇਲਨ’ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਇਤਿਹਾਸ ਗਵਾਹ ਹੈ ਕਿ ਭਾਰਤ ਦੀ ਖੁਸ਼ਹਾਲੀ ਵਿੱਚ ਪੂਰਬੀ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਹੈ। ਅੱਜ ਵਿਕਸਤ ਭਾਰਤ ਦੇ ਟੀਚੇ ਵੱਲ ਵਧਦਿਆਂ ਇਹ ਖੇਤਰ ਆਪਣੀ ਅਸਲ ਸਮਰੱਥਾ ਦਾ ਪ੍ਰਦਰਸ਼ਨ ਕਰੇਗਾ।’’

ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਦਾ ਭਾਰਤ ਇਸ ਸਦੀ ਦੇ ਅਗਲੇ 25 ਸਾਲਾਂ ਲਈ ਇੱਕ ਲੰਬੇ ਸਮੇਂ ਦੇ ਨਜ਼ਰੀਏ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਭਾਰਤ ਆਪਣੀਆਂ ਸਥਾਨਕ ਸਪਲਾਈ ਚੇਨਾਂ ਨੂੰ ਮਜ਼ਬੂਤ ​​ਕਰ ਰਿਹਾ ਹੈ ਅਤੇ ਵੱਖ-ਵੱਖ ਆਲਮੀ ਖੇਤਰਾਂ ਨਾਲ ਮੁਕਤ ਵਪਾਰ ਸਮਝੌਤੇ ਕਰ ਰਿਹਾ ਹੈ।’’ ਮੋਦੀ ਨੇ ਕਿਹਾ ਕਿ ਪੂਰਬੀ ਏਸ਼ੀਆ ਨਾਲ ਭਾਰਤ ਦੀ ਮਜ਼ਬੂਤ ​​ਕੁਨੈਕਟੀਵਿਟੀ ਅਤੇ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਗਲਿਆਰਾ ਨਵੇਂ ਰਾਹ ਖੋਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ 150 ਅਰਬ ਡਾਲਰ ਦਾ ਅਰਥਚਾਰਾ ਬਣਨ ਦਾ ਟੀਚਾ ਮਿਥਿਆ ਹੈ।

ਪ੍ਰਧਾਨ ਮੰਤਰੀ ਨੂੰ ਸੈਮੀਕੰਡਕਟਰ ਚਿਪਸ ਨਾਲ ਤਿਆਰ ਗੈਂਡੇ ਦੀ ਮੂਰਤੀ ਭੇਟ

ਗੁਹਾਟੀ: ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਅੱਜ ਇੱਥੇ ਸੰਮੇਲਨ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਵੇਕਲੇ ਤੋਹਫ਼ੇ ਵਜੋਂ ਸੈਮੀਕੰਡਕਟਰ ਚਿਪ ਨਾਲ ਤਿਆਰ ਕੀਤੀ ਗਈ ਗੈਂਡੇ ਦੀ ਮੂਰਤੀ ਭੇਟ ਕੀਤੀ। ਸ਼ਰਮਾ ਨੇ ਮੋਦੀ ਨੂੰ ਰਵਾਇਤੀ ਗਮਛਾ ਅਤੇ ਕਾਮਾਖਿਆ ਮੰਦਰ ਦੀ ਤਸਵੀਰ ਵੀ ਭੇਟ ਕੀਤੀ। ਅਸਾਮ ਸਰਕਾਰ ਨੇ ਅੱਜ ਸੂਬੇ ਵਿੱਚ 27000 ਕਰੋੜ ਰੁਪਏ ਦੇ ਸੈਮੀਕੰਡਕਟਰ ਪਲਾਂਟ ਸਥਾਪਤ ਕਰਨ ਲਈ ਟਾਟਾ ਗਰੁੱਪ ਨਾਲ ਸਮਝੌਤੇ ’ਤੇ ਸਹੀ ਪਾਈ ਹੈ।

ਅਡਾਨੀ ਤੇ ਅੰਬਾਨੀ ਵੱਲੋਂ ਅਸਾਮ ’ਚ 50-50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ

ਰਿਲਾਇੰਸ ਇੰਡਸਟਰੀਜ਼ ਤੇ ਅਡਾਨੀ ਗਰੁੱਪ ਵੱਲੋਂ ਅਸਾਮ ਵਿੱਚ ਅਗਲੇ ਪੰਜ ਸਾਲਾਂ ਦੌਰਾਨ ਵੱਖ-ਵੱਖ ਖੇਤਰਾਂ ਵਿੱਚ 50-50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕੀਤਾ ਗਿਆ ਹੈ। ਇੱਥੇ ‘ਅਡਵਾਂਟੇਜ ਅਸਾਮ’ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਕੰਪਨੀ ਵੱਲੋਂ ਅਗਲੇ ਪੰਜ ਸਾਲਾਂ ਦੌਰਾਨ ਅਸਾਮ ਵਿੱਚ ਪਰਮਾਣੂ ਊਰਜਾ ਸਮੇਤ ਪੰਜ-ਪੰਜ ਖੇਤਰਾਂ ਵਿੱਚ ਨਿਵੇਸ਼ ਕੀਤਾ ਜਾਵੇਗਾ। ਇਸ ਦੌਰਾਨ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਹਵਾਈ ਅੱਡਿਆਂ, ਏਅਰੋ ਸਿਟੀਜ਼, ਸ਼ਹਿਰੀ ਗੈਸ ਵੰਡ, ਟਰਾਂਸਮਿਸ਼ਨ, ਸੀਮਿੰਟ ਅਤੇ ਸੜਕੀ ਪ੍ਰਾਜੈਕਟ ’ਤੇ 50,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।

Share: