ਚੰਡੀਗੜ੍ਹ : ਪੰਜਾਬ ਵਿੱਚ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ। ਇਸੇ ਦੇ ਚਲਦਿਆਂ ਪੰਜਾਬ ਭਰ ਵਿੱਚ ਬੀਤੀ ਰਾਤ ਤੋਂ ਤੇਜ਼ ਹਨੇਰੀ ਚੱਲਣ ਤੋਂ ਬਾਅਦ ਮੀਂਹ ਪਿਆ। ਇਸ ਦੌਰਾਨ ਕਈ ਥਾਵਾਂ ’ਤੇ ਗੜੇਮਾਰੀ ਵੀ ਹੋਈ ਹੈ। ਮੀਂਹ, ਤੇਜ਼ ਹਵਾਵਾਂ ਤੇ ਗੜੇਮਾਰੀ ਕਾਰਨ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਉੱਧਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖ਼ਤ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਅੱਜ ਤੜਕੇ ਮਾਨਸਾ, ਭਵਾਨੀਗੜ੍ਹ, ਭਦੌੜ ਦੇ ਆਲੇ-ਦੁਆਲੇ ਇਲਾਕਿਆਂ ਵਿੱਚ ਗੜੇਮਾਰੀ ਹੋਈ। ਜਦੋਂ ਕਿ ਅੱਜ ਸ਼ਾਮ ਵੇਲੇ ਜਲੰਧਰ, ਤਰਨ ਤਾਰਨ ਅਤੇ ਹੋਰ ਕਈ ਇਲਾਕਿਆਂ ਵਿੱਚ ਗੜੇਮਾਰੀ ਹੋਈ। ਇਸ ਦੌਰਾਨ ਗੜੇਮਾਰੀ ਕਾਰਨ ਸੜਕਾਂ ’ਤੇ ਬਰਫ਼ ਦੀ ਸਫੈਦ ਚਾਦਰ ਵਿਛ ਗਈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੀਤੀ ਰਾਤ 10-11 ਵਜੇ ਹੀ ਤੇਜ਼ ਹਨੇਰੀ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਜੋ ਕਿ ਸਾਰੀ ਰਾਤ ਰੁੱਕ-ਰੁੱਕ ਕੇ ਪੈਂਦਾ ਰਿਹਾ ਹੈ। ਅੱਜ ਦਿਨ ਚੜ੍ਹਦਿਆਂ ਹੀ ਜ਼ਿਆਦਾਤਰ ਥਾਵਾਂ ਤੋਂ ਮੀਂਹ ਹਟ ਗਿਆ ਪਰ ਤੇਜ਼ ਹਵਾਵਾਂ ਦਾ ਕਹਿਰ ਜਾਰੀ ਰਿਹਾ। ਹਾਲਾਂਕਿ ਪੰਜਾਬ ਭਰ ਵਿੱਚ ਸਾਰਾ ਦਿਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਦੀਆਂ ਰਹੀਆਂ। ਉੱਧਰ ਬਾਅਦ ਦੁਪਹਿਰ ਮੁੜ ਤੋਂ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਅਤੇ ਸ਼ਾਮ ਹੁੰਦਿਆਂ ਹੀ ਫੇਰ ਮੀਂਹ ਪੈਣਾ ਸ਼ੁਰੂ ਹੋ ਗਿਆ। ਤੇਜ਼ ਹਵਾਵਾਂ ਤੇ ਗੜੇਮਾਰੀ ਕਾਰਨ ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫ਼ਸਲ ਦਾ ਵੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 2.5 ਐੱਮਐੱਮ, ਅੰਮ੍ਰਿਤਸਰ ਵਿੱਚ 36 ਐੱਮਐੱਮ, ਲੁਧਿਆਣਾ ਵਿੱਚ 6 ਐੱਮਐੱਮ, ਪਟਿਆਲਾ ਵਿੱਚ 9.2 ਐੱਮਐੱਮ, ਫਰੀਦਕੋਟ ਵਿੱਚ 11 ਐੱਮਐੱਮ, ਹੁਸ਼ਿਆਰਪੁਰ ਵਿੱਚ 15.5 ਐੱਮਐੱਮ, ਪਠਾਨਕੋਟ ਵਿੱਚ 4.2 ਐੱਮਐੱਮ, ਬਠਿੰਡਾ ਵਿੱਚ 4.4 ਐੱਮਐੱਮ, ਗੁਰਦਾਸਪੁਰ ਵਿੱਚ 5 ਐੱਮਐੱਮ, ਨਵਾਂ ਸ਼ਹਿਰ ਵਿੱਚ 5.3 ਐੱਮਐੱਮ, ਫਤਹਿਗੜ੍ਹ ਸਾਹਿਬ ਵਿੱਚ 4 ਐੱਮਐੱਮ, ਫਿਰੋਜ਼ਪੁਰ ਵਿੱਚ 5 ਐੱਮਐੱਮ, ਮੋਗਾ ਵਿੱਚ 8 ਐੱਮਐੱਮ, ਰੋਪੜ ਵਿੱਚ 2.5 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦੋ-ਤਿੰਨ ਦਿਨ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
Posted inNews
ਪੰਜਾਬ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ; ਕਿਸਾਨ ਪ੍ਰੇਸ਼ਾਨ
