ਚੰਡੀਗੜ੍ਹ : ਪੰਜਾਬ ਵਿੱਚ ਲੰਘੀ ਰਾਤ ਤੋਂ ਹੀ ਬਹੁਤੀਆਂ ਥਾਵਾਂ ’ਤੇ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ। ਮੀਂਹ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਨੇ ਲੋਕਾਂ ਨੂੰ ਮੁੜ ਕੰਬਨੀ ਛੇੜ ਦਿੱਤੀ ਹੈ।
ਇਸੇ ਦੌਰਾਨ ਭਵਾਨੀਗੜ੍ਹ ਅਤੇ ਮਾਨਸਾ ਨਜ਼ਦੀਕ ਇੱਕਾ-ਦੁੱਕਾ ਥਾਵਾਂ ’ਤੇ ਹਲਕੀ ਗੜੇਮਾਰੀ ਵੀ ਹੋਣ ਦੀ ਖ਼ਬਰ ਹੈ। ਮੌਸਮ ਵਿਭਾਗ ਨੇ ਅੱਜ ਬਾਅਦ ਦੁਪਹਿਰ ਮੁੜ ਪੰਜਾਬ ਵਿੱਚ ਕਿਤੇ ਕਿਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਲੰਘੀ ਰਾਤ ਹੀ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਸੀ। ਜਿੱਥੇ ਰਾਤ ਨੂੰ 11-12 ਵਜੇ ਦੇ ਕਰੀਬ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਰਾਜਧਾਨੀ ਚੰਡੀਗੜ੍ਹ ਵਿੱਚ 2.5 ਮਿਲੀਮੀਟਰ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ 6 ਐੱਮਐੱਮ, ਪਟਿਆਲਾ 9, ਪਠਾਨਕੋਟ ਅਤੇ ਬਠਿੰਡਾ ਵਿੱਚ 4.2, ਫਰੀਦਕੋਟ ਵਿੱਚ 11, ਗੁਰਦਾਸਪੁਰ ਵਿੱਚ 5, ਨਵਾਂ ਸ਼ਹਿਰ 5.3, ਫਤਿਹਗੜ੍ਹ ਸਾਹਿਬ ਵਿੱਚ ਚਾਰ, ਹੁਸ਼ਿਆਰਪੁਰ 11.5, ਮੋਗਾ 7.5, ਫਾਜ਼ਿਲਕਾ ਇੱਕ ਐਮਐਮ ਅਤੇ ਰੋਪੜ ਵਿੱਚ 2.5 ਐੱਮਐੱਮ ਮੀਂਹ ਪਿਆ ਹੈ।