ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹਣ ਲਈ ਪੰਜ ਮੈਂਬਰੀ ਕੈਬਨਿਟ ਕਮੇਟੀ ਬਣਾਈ ਹੈ ਜੋ ਸੂਬੇ ’ਚੋਂ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਖਾਕਾ ਤਿਆਰ ਕਰੇਗੀ ਅਤੇ ਉਸ ’ਤੇ ਨਜ਼ਰ ਰੱਖੇਗੀ। ਸੂਬਾ ਸਰਕਾਰ ਨੇ ਅੱਜ ਹੁਕਮ ਜਾਰੀ ਕਰਕੇ ਕੈਬਨਿਟ ਕਮੇਟੀ ਦਾ ਗਠਨ ਕੀਤਾ ਹੈ। ਦਿੱਲੀ ਚੋਣਾਂ ’ਚ ‘ਆਪ’ ਨੂੰ ਮਿਲੀ ਹਾਰ ਮਗਰੋਂ ਪੰਜਾਬ ’ਚ ਵੱਡੇ ਮਸਲਿਆਂ ਦੀ ਪਛਾਣ ਕਰ ਕੇ ਸਰਕਾਰ ਨੇ ਨਸ਼ਿਆਂ ਦੀ ਸਮੱਸਿਆ ਖ਼ਿਲਾਫ਼ ਕਾਰਵਾਈ ਵਿੱਢੀ ਹੈ। ਕੈਬਨਿਟ ਕਮੇਟੀ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਜਦਕਿ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ, ਸਿਹਤ ਮੰਤਰੀ ਬਲਬੀਰ ਸਿੰਘ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਦਯੋਗ ਮੰਤਰੀ ਤਰਨਪ੍ਰੀਤ ਸੌਂਦ ਕਮੇਟੀ ਦੇ ਮੈਂਬਰ ਹੋਣਗੇ। ਕਮੇਟੀ ਪੁਲੀਸ ਵਿਭਾਗ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤੇ ਨਜ਼ਰ ਰੱਖੇਗੀ ਅਤੇ ਸਿਹਤ ਵਿਭਾਗ ਦੀ ਭੂਮਿਕਾ ਨੂੰ ਵੀ ਘੋਖੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਪ੍ਰੋਗਰਾਮ ਦੀ ਨਿਗਰਾਨੀ ਅਤੇ ਤਾਲਮੇਲ ਲਈ ਮੁੱਖ ਸਕੱਤਰ ਕੇਏਪੀ ਸਿਨਹਾ ਦੀ ਅਗਵਾਈ ਹੇਠ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੂੰ ਇਸ ਦੇ ਨੋਡਲ ਅਫ਼ਸਰ ਵਜੋਂ ਇੱਕ ਸਟੇਟ ਸਟੀਅਰਿੰਗ ਕਮੇਟੀ ਦਾ ਗਠਨ ਕੀਤਾ ਸੀ। ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਸਖ਼ਤ ਸੁਨੇਹਾ ਦੇਣ ਲਈ ਯੂਪੀ ਦੀ ਤਰਜ਼ ’ਤੇ ਸੂਬੇ ਵਿੱਚ ‘ਬੁਲਡੋਜ਼ਰ ਮੁਹਿੰਮ’ ਵੀ ਸ਼ੁਰੂ ਕੀਤੀ ਹੈ। ਇਸ ਤਹਿਤ ਲੁਧਿਆਣਾ ਅਤੇ ਪਟਿਆਲਾ ਵਿੱਚ ਨਸ਼ਾ ਤਸਕਰਾਂ ਦੇ ਘਰਾਂ ’ਤੇ ਬੁਲਡੋਜ਼ਰ ਚੱਲ ਚੁੱਕਾ ਹੈ। ਅਗਲੀਆਂ ਚੋਣਾਂ ’ਚ ਜਾਣ ਤੋਂ ਪਹਿਲਾਂ ‘ਆਪ’ ਸਰਕਾਰ ਨੇ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਹੈ।
Posted inNews
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜ ਮੈਂਬਰੀ ਕਮੇਟੀ ਕਾਇਮ
