ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਸ਼ਨਿਚਰਵਾਰ ਰਾਤ ਨੂੰ ਭਗਦੜ ਦੀ ਘਟਨਾ ਵਾਪਰਨ ਤੋਂ ਬਾਅਦ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਬਿਨਾ ਕਿਸੇ ਜਾਇਜ਼ ਕਾਰਨ ਤੋਂ ਕਿਸੇ ਵੀ ਵਿਅਕਤੀ ਦੇ ਫੁੱਟ ਓਵਰਬ੍ਰਿਜ ’ਤੇ ਘੁੰਮਣ ’ਤੇ ਰੋਕ ਲਗਾਈ ਗਈ ਹੈ। ਪੁਲੀਸ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮੱਚੀ ਭਾਜੜ ’ਚ 18 ਲੋਕਾਂ ਦੀ ਮੌਤ ਹੋ ਗਈ ਸੀ। ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਅਸੀਂ ਕਈ ਲੋਕਾਂ ਨੂੰ ਬਿਨਾ ਕਿਸੇ ਕਾਰਨ ਤੋਂ ਫੁਟ ਓਵਰਬ੍ਰਿਜ ’ਤੇ ਖੜ੍ਹੇ ਦੇਖਿਆ ਹੈ, ਜਿਸ ਨਾਲ ਦੂਜੇ ਪਲੈਟਫਾਰਮ ’ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਮੁਸਾਫ਼ਰਾਂ ਨੂੰ ਦੇਰ ਹੁੰਦੀ ਹੈ। ਹੁਣ ਕਿਸੇ ਨੂੰ ਵੀ ਬਿਨਾ ਕਿਸੇ ਜਾਇਜ਼ ਕਾਰਨ ਤੋਂ ਫੁਟ ਓਵਰਬ੍ਰਿਜ ’ਤੇ ਖੜ੍ਹੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’ ਅਧਿਕਾਰੀ ਨੇ ਕਿਹਾ ਕਿ ਪ੍ਰਯਾਗਰਾਜ ਵੱਲ ਜਾਣ ਵਾਲੀਆਂ ਰੇਲਗੱਡੀਆਂ ’ਤੇ ਨਜ਼ਰ ਰੱਖੀ ਜਾਵੇਗੀ ਅਤੇ ਭਗਦੜ ਵਰਗੀ ਸਥਿਤੀ ਤੋਂ ਬਚਣ ਲਈ ਟੀਮ ਕਿਸੇ ਵੀ ਪਲੈਟਫਾਰਮ ’ਤੇ ਲੋਕਾਂ ਦੀ ਗਿਣਤੀ ’ਤੇ ਵੀ ਨਜ਼ਰ ਰੱਖੇਗੀ।
ਉਨ੍ਹਾਂ ਕਿਹਾ, ‘‘ਪਲੈਟਫਾਰਮ ਨੰਬਰ 16 ਤੋਂ ਲੈ ਕੇ ਪਲੈਟਫਾਰਮ ਨੰਬਰ 13 ਤੱਕ, ਅਸੀਂ ਹਰੇਕ ਰੇਲਗੱਡੀ ਦੇ ਡੱਬਿਆਂ ਦੀ ਨਿਗਰਾਨੀ ਰੱਖਣ ਅਤੇ ਭਾਰੀ ਭੀੜ ਨੂੰ ਕੰਟਰੋਲ ਕਰਨ ਲਈ ਵਾਧੂ ਸੁਰੱਖਿਆ ਕਰਮੀ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਐਮਰਜੈਂਸੀ ਰਿਸਪੌਂਸ ਬਲ ਦੀ ਤਿਆਰ ਰਹਿਣਗੇ।’’ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਅਤੇ ਸਰਕਾਰੀ ਰੇਲਵੇ ਪੁਲੀਸ ਨਾਲ ਮਿਲ ਕੇ ਸਟੇਸ਼ਨ ’ਤੇ ਭੀੜ ਕੰਟਰੋਲ ਕਰਨ ਲਈ ਵਾਧੂ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ।
ਭਗਦੜ ਰੋਕਣ ਲਈ ਫੌਰੀ ਉਪਾਵਾਂ ਦੀ ਮੰਗ ਸਬੰਧੀ ਪਟੀਸ਼ਨ ਸੁਪਰੀਮ ਕੋਰਟ ’ਚ ਦਾਇਰ
ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਦੀ ਘਟਨਾ ਤੋਂ ਦੋ ਦਿਨਾਂ ਬਾਅਦ ਅੱਜ ਸੁਪਰੀਮ ਕੋਰਟ ਵਿੱਚ ਇਕ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਭਵਿੱਖ ਵਿੱਚ ਅਜਿਹੀਆਂ ਤ੍ਰਾਸਦੀਆਂ ਰੋਕਣ ਲਈ ਫੌਰੀ ਕਾਰਵਾਈ ਕਰਨ ਸਬੰਧੀ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਵਕੀਲ ਵਿਸ਼ਾਲ ਤਿਵਾੜੀ ਵੱਲੋਂ ਦਾਇਰ ਪਟੀਸ਼ਨ ਵਿੱਚ ਕੇਂਦਰ ਤੇ ਹੋਰ ਅਥਾਰਿਟੀਜ਼ ਨੂੰ ‘ਪ੍ਰੋਗਰਾਮ ਅਤੇ ਵੱਖ-ਵੱਖ ਥਾਵਾਂ ’ਤੇ ਭੀੜ ਦੇ ਪ੍ਰਬੰਧਨ’ ਸਬੰਧੀ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਦੀ 2014 ਦੀ ਰਿਪੋਰਟ ਦੇ ਅਮਲ ਅਤੇ ਵਿਚਾਰ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ।
ਵੈਸ਼ਨਵ ਨੇ ਮੰਦਭਾਗੀ ਘਟਨਾਵਾਂ ਰੋਕਣ ਲਈ ਕੀਤੇ ਜਾ ਰਹੇ ਉਪਾਅ ਦੱਸੇ
ਉੱਧਰ, ਰੇਲ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਅੱਜ ਕਿਹਾ ਕਿ ਰੇਲਵੇ ਮੰਦਭਾਗੀ ਘਟਨਾਵਾਂ ਰੋਕਣ ਲਈ ਜੋ ਉਪਾਅ ਕਰ ਰਿਹਾ ਹੈ, ਉਨ੍ਹਾਂ ਵਿੱਚ ਮੁਸਾਫ਼ਰਾਂ ਦੀ ਵਧੇਰੇ ਭੀੜ ਦਾ ਸਾਹਮਣਾ ਕਰਨ ਵਾਲੇ 60 ਸਟੇਸ਼ਨਾਂ ’ਤੇ ‘ਰੋਕ ਖੇਤਰ’ ਬਣਾਉਣਾ, ਇਕ ਵੱਖਰੀ ਭੀੜ ਪ੍ਰਬੰਧਨ ਨਿਯਮ ਸੂਚੀ ਤਿਆਰ ਕਰਨਾ ਅਤੇ ਲੋਕਾਂ ਨੂੰ ਪੌੜੀਆਂ ’ਤੇ ਨਾ ਬੈਠਣ ਲਈ ਜਾਗਰੂਕ ਕਰਨਾ ਸ਼ਾਮਲ ਹੈ।
‘ਮੋਦੀ ਜੀ ਨੇ ਬਿਨਾ ਟਿਕਟ ਰੇਲ ਯਾਤਰਾ ਦੀ ਇਜਾਜ਼ਤ ਦਿੱਤੀ ਹੈ’
ਬਿਹਾਰ ਵਿੱਚ ਰੇਲਵੇ ਦਾ ਸੀਨੀਅਰ ਅਧਿਕਾਰੀ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ ਪਿੰਡਾਂ ਦੀਆਂ ਔਰਤਾਂ ਦੇ ਸਮੂਹ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਬਿਨਾ ਟਿਕਟ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ। ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਬਿਹਾਰ ਦੇ ਬਕਸਰ ਰੇਲਵੇ ਸਟੇਸ਼ਨ ’ਤੇ ਦਾਨਾਪੁਰ ਦੇ ਮੰਡਲ ਰੇਲ ਪ੍ਰਬੰਧਕ (ਡੀਆਰਐੱਮ) ਜਯੰਤ ਕੁਮਾਰ ਤੇ ਪ੍ਰਯਾਗਰਾਜ ਮਹਾਂਕੁੰਭ ਲਈ ਜਾ ਰਹੀ ਤੀਰਥ ਯਾਤਰੀਆਂ ਵਿਚਾਲੇ ਹੋਈ ਗੱਲਬਾਤ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਡੀਆਰਐੱਮ ਐਤਵਾਰ ਨੂੰ ਭੀੜ ਦੇ ਮੱਦੇਨਜ਼ਰ ਸਟੇਸ਼ਨ ਦਾ ਨਿਰੀਖਣ ਕਰ ਰਹੇ ਸਨ।