ਪੰਜਾਹ ਲੱਖ ਤੋਂ ਵੱਧ ਨੇਪਾਲੀ ਸ਼ਰਧਾਲੂਆਂ ਵੱਲੋਂ ਸੰਗਮ ’ਚ ਇਸ਼ਨਾਨ

ਪੰਜਾਹ ਲੱਖ ਤੋਂ ਵੱਧ ਨੇਪਾਲੀ ਸ਼ਰਧਾਲੂਆਂ ਵੱਲੋਂ ਸੰਗਮ ’ਚ ਇਸ਼ਨਾਨ

ਮਹਾਂਕੁੰਭ ਨਗਰ (ਯੂਪੀ) : ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਂਕੁੰਭ ਵਿੱਚ ਤ੍ਰਿਵੇਣੀ ਸੰਗਮ ’ਚ ਹੁਣ ਤੱਕ ਮਾਂ ਜਾਨਕੀ ਦੀ ਜਨਮਭੂਮੀ ਨੇਪਾਲ ਤੋਂ 50 ਲੱਖ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਸਰਕਾਰੀ ਜਾਣਕਾਰੀ ਮੁਤਾਬਕ ਮਹਾਂਕੁੰਭ ਦੌਰਾਨ ਗੁਆਂਢੀ ਮੁਲਕ ਨੇਪਾਲ ’ਚ ਸਥਿਤ ਮਾਂ ਸੀਤਾ ਦੀ ਜਨਮਭੂਮੀ ਤੇ ਭਗਵਾਨ ਰਾਮ ਦੇ ਸਹੁਰਾ ਪਰਿਵਾਰ ਦੇ ਨਿਵਾਸ ਅਸਥਾਨ ਜਨਕਪੁਰ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਪਵਿੱਤਰ ‘ਅਕਸ਼ਤ’ (ਚਾਵਲ) ਅਤੇ ਹੋਰ ਪਵਿੱਤਰ ਵਸਤਾਂ ਬੜੇ ਹਨੂਮਾਨ ਜੀ ਨੂੰ ਭੇਟ ਕਰਨ ਲਈ ਲਿਆ ਰਹੇ ਹਨ। ਇਸੇ ਤਰ੍ਹਾਂ ਉਹ ਆਪਣੇ ਨਾਲ ਸੰਗਮ ਤੋਂ ਗੰਗਾ ਜਲ ਅਤੇ ਮਿੱਟੀ ਲਿਜਾ ਰਹੇ ਹਨ। ਇਨ੍ਹਾਂ ਸ਼ਰਧਾਲੂਆਂ ਦੀ ਬੜੇ ਹਨੂਮਾਨ ਮੰਦਰ ਅਤੇ ਅਕਸ਼ੈ ਵਾਟ ਪ੍ਰਤੀ ਡੂੰਘੀ ਆਸਥਾ ਇਨ੍ਹਾਂ ਦੀਆਂ ਰੀਤਾਂ ਤੇ ਸਤਿਕਾਰ ’ਚ ਸਾਫ਼ ਤੌਰ ’ਤੇ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਹ ਅਯੁੱਧਿਆ ’ਚ ਸ੍ਰੀ ਰਾਮ ਮੰਦਰ ਤੇ ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਨ ਲਈ ਵੀ ਵੱਡੀ ਗਿਣਤੀ ’ਚ ਜਾ ਰਹੇ ਹਨ। ਇਸ ਦੌਰਾਨ ਨੇਪਾਲ ਐਸੋਸੀਏਸ਼ਨ ਆਫ਼ ਟੂਰ ਐਂਡ ਟਰੈਵਲ ਏਜੰਟਸ (ਬਾਂਕੇ ਚੈਪਟਰ) ਦੇ ਪ੍ਰਧਾਨ ਸ੍ਰੀ ਰਾਮ ਸਿਗਦੇਲ ਨੇ ਸੰਗਮ ਦੀ ਮਿੱਟੀ ਤੇ ਗੰਗਾ ਜਲ ਦੀ ਅਹਿਮੀਅਤ ਦਾ ਜ਼ਿਕਰ ਕੀਤਾ।

Share: