ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ‘ਕੁਰੱਪਸ਼ਨ ਖ਼ਿਲਾਫ਼ ਮੁਹਿੰਮ’ ਦੇ ਦੂਸਰੇ ਗੇੜ ਦੀ ਕਾਰਵਾਈ ਵਿੱਢਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੂੰ ਮੁਅੱਤਲ ਕਰ ਦਿੱਤਾ ਹੈ। ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ ਜਿਸ ਕਰਕੇ ਮੁੱਖ ਮੰਤਰੀ ਨੇ ਫ਼ੌਰੀ ਵਿਜੀਲੈਂਸ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਮੁੱਢਲੀ ਜਾਂਚ ਦੇ ਅਧਾਰ ’ਤੇ ਸਰਕਾਰ ਨੇ ਇਸ ਡਿਪਟੀ ਕਮਿਸ਼ਨਰ ਨੂੰ ਅਹੁਦੇ ਤੋਂ ਹਟਾਇਆ ਹੈ। ਅਭਿਜੀਤ ਕਪਲਿਸ਼ ਨੂੰ ਨਵੇਂ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਹੈ ਜੋ 2015 ਬੈਚ ਦੇ ਅਧਿਕਾਰੀ ਹਨ। ਇਸ ਵੇਲੇ ਕਪਲਿਸ਼ ਖਣਨ ਵਿਭਾਗ ਦੇ ਡਾਇਰੈਕਟਰ ਸਨ।
ਇਸ ਦੌਰਾਨ ਮੁੱਖ ਮੰਤਰੀ ਨੇ ਨੌਕਰਸ਼ਾਹੀ ’ਚ ਵੱਡਾ ਫੇਰਬਦਲ ਕਰਦਿਆਂ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਵਰਿੰਦਰ ਕੁਮਾਰ ਦਾ ਵੀ ਤਬਾਦਲਾ ਕਰ ਦਿੱਤਾ ਹੈ ਅਤੇ ਜੀ.ਨਾਗੇਸ਼ਵਰ ਰਾਓ ਨੂੰ ਵਿਜੀਲੈਂਸ ਬਿਊਰੋ ਦਾ ਨਵਾਂ ਮੁਖੀ ਲਾਇਆ ਹੈ। ਮੁੱਖ ਮੰਤਰੀ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਨਵੇਂ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਅਤੇ ਨਵੇਂ ਵਿਜੀਲੈਂਸ ਮੁਖੀ ਨਾਗੇਸ਼ਵਰ ਰਾਓ ਨੂੰ ਬੁਲਾ ਕੇ ਸਖ਼ਤ ਹਦਾਇਤਾਂ ਵੀ ਦਿੱਤੀਆਂ ਹਨ। ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਵੱਲੋਂ ਬੁਲਾਈ ਵਿਧਾਇਕਾਂ ਦੀ ਮੀਟਿੰਗ ਮਗਰੋਂ ਮੁੱਖ ਮੰਤਰੀ ਨੇ ‘ਪੰਜਾਬ ਮਾਡਲ’ ਬਣਾਏ ਜਾਣ ਦੀ ਗੱਲ ਕੀਤੀ ਸੀ।
ਪੰਜਾਬ ਸਰਕਾਰ ਨੇ ਦੋ ਦਿਨ ਪਹਿਲਾਂ ਹੀ ਜ਼ਿਲ੍ਹਿਆਂ ਦੇ ਉੱਚ ਅਫ਼ਸਰਾਂ ਨੂੰ ਕੁਰੱਪਸ਼ਨ ਖ਼ਿਲਾਫ਼ ਹਦਾਇਤਾਂ ਦਿੱਤੀਆਂ ਸਨ ਅਤੇ ਨਿੱਜੀ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਵੀ ਆਖੀ ਗਈ ਸੀ। ਅਹਿਮ ਸੂਤਰ ਦੱਸਦੇ ਹਨ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਵੱਲੋਂ ਡਿਪਟੀ ਕਮਿਸ਼ਨਰ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ ਜੋ ਪੈਸੇ ਲੈਣ ਜਾਂ ਮੰਗਣ ਸਬੰਧੀ ਸੀ। ਪੰਜਾਬ ਸਰਕਾਰ ਨੇ ਮੁੱਢਲੀ ਪੜਤਾਲ ਕਰਨ ਮਗਰੋਂ ਡਿਪਟੀ ਕਮਿਸ਼ਨਰ ਨੂੰ ਮੁਅੱਤਲ ਕੀਤਾ ਹੈ। ਪਤਾ ਲੱਗਿਆ ਹੈ ਕਿ ਜ਼ਿਲ੍ਹਾ ਮੁਕਤਸਰ ਦੇ ਸਾਰੇ ਵਿਧਾਇਕ ਅਤੇ ਮੰਤਰੀ ਇਸ ਡਿਪਟੀ ਕਮਿਸ਼ਨਰ ਤੋਂ ਔਖੇ ਸਨ। ਹੋਈ ਸ਼ਿਕਾਇਤ ’ਚ ਡਿਪਟੀ ਕਮਿਸ਼ਨਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਇਕ ਨੇ ਤਾਂ ਪਾਰਟੀ ਹਾਈਕਮਾਨ ਕੋਲ ਇਸ ਡੀਸੀ ਖ਼ਿਲਾਫ਼ ਕਈ ਵਾਰੀ ਪਹੁੰਚ ਵੀ ਕੀਤੀ ਸੀ। ਵਿਧਾਇਕਾਂ ਦਾ ਗਿਲਾ ਸੀ ਕਿ ਉਨ੍ਹਾਂ ਦੀ ਸਿਫ਼ਾਰਸ਼ ਦੀ ਅਣਦੇਖੀ ਕੀਤੀ ਜਾਂਦੀ ਰਹੀ ਹੈ। ਇੱਕ ਵਿਧਾਇਕ ਦੀ ਸ਼ਿਕਾਇਤ ਪਰਸੋਨਲ ਵਿਭਾਗ ਕੋਲ ਗਈ ਹੋਈ ਸੀ ਜਿਸ ਬਾਰੇ ਮੁੱਖ ਮੰਤਰੀ ਨੇ ਰਿਪੋਰਟ ਲੈਂਦਿਆਂ ਮਾਮਲਾ ਆਪਣੇ ਹੱਥ ’ਚ ਲੈ ਲਿਆ। ਪਹਿਲਾਂ ਵੀ ਮੁੱਖ ਮੰਤਰੀ ਕੋਲ ਇਸ ਡਿਪਟੀ ਕਮਿਸ਼ਨਰ ਦੀਆਂ ਸ਼ਿਕਾਇਤਾਂ ਪੁੱਜੀਆਂ ਸਨ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਹੁਣ ਸਿੱਧੇ ਤੌਰ ’ਤੇ ਅਜਿਹੇ ਅਫ਼ਸਰਾਂ ’ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਖ਼ਿਲਾਫ਼ ਅੰਦਰੂਨੀ ਤੌਰ ’ਤੇ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸੇ ਦੌਰਾਨ ਵਰਿੰਦਰ ਕੁਮਾਰ ਨੂੰ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ ਅਤੇ ਫ਼ਿਲਹਾਲ ਉਨ੍ਹਾਂ ਨੂੰ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਹੈ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਦਫ਼ਤਰ ਸਾਬਕਾ ਕਾਂਗਰਸੀ ਵਜ਼ੀਰਾਂ ਦੇ ਅਦਾਲਤਾਂ ’ਚ ਕੇਸ ਫ਼ੇਲ੍ਹ ਹੋ ਜਾਣ ਅਤੇ ਵਿਜੀਲੈਂਸ ’ਚ ਹੇਠਲੇ ਪੱਧਰ ’ਤੇ ਚੱਲ ਰਹੀ ਕੁਰੱਪਸ਼ਨ ਤੋਂ ਖ਼ਫ਼ਾ ਸਨ। ਸੂਤਰ ਦੱਸਦੇ ਹਨ ਕਿ ਕੱਲ੍ਹ ਹੀ ਵਰਿੰਦਰ ਕੁਮਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਵੀ ਕੀਤੀ ਸੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਦੇ ਕਈ ਹੇਠਲੇ ਅਧਿਕਾਰੀ ਕਾਰੋਬਾਰੀ ਲੋਕਾਂ ਨੂੰ ਤਲਬ ਕਰ ਰਹੇ ਸਨ ਅਤੇ ਨਵੇਂ ਨਿਵੇਸ਼ ਵਿਚ ਅੜਿੱਕਾ ਬਣ ਰਹੇ ਸਨ। ਮੁੱਖ ਮੰਤਰੀ ਦਫ਼ਤਰ ਇਸ ਗੱਲੋਂ ਵੀ ਤਲਖ਼ ਸੀ ਕਿ ਵਿਜੀਲੈਂਸ ਦੀ ਮੁਹਿੰਮ ਸਿਰਫ਼ ਹੇਠਲੇ ਮੁਲਾਜ਼ਮਾਂ ਦੀ ਫੜੋ ਫੜਾਈ ਤੱਕ ਹੀ ਸੀਮਿਤ ਰਹਿ ਗਈ ਹੈ। ਪੰਜਾਬ ਸਰਕਾਰ ਨੇ 1995 ਬੈਚ ਦੇ ਆਈਪੀਐੱਸ ਅਧਿਕਾਰੀ ਜੀ. ਨਾਗੇਸ਼ਵਰ ਰਾਓ ਨੂੰ ਵਿਜੀਲੈਂਸ ਬਿਊਰੋ ਦਾ ਨਵਾਂ ਮੁਖੀ ਲਾਇਆ ਹੈ।