ਅਮਰੀਕਾ ’ਚੋਂ ਕੱਢੇ ਗਏ ਭਾਰਤੀਆਂ ਨਾਲ ਮਾੜੇ ਸਲੂਕ ’ਤੇ ਚਿੰਤਾ ਜਤਾਉਂਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ‘ਪੁਰਾਣੇ ਦੋਸਤ’ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਸ ਬਾਰੇ ਫੋਨ ਕਰਕੇ ਆਖਣਾ ਚਾਹੀਦਾ ਸੀ ਕਿ ਉਹ ਪਰਵਾਸੀਆਂ ਨੂੰ ਇੰਝ ਵਾਪਸ ਨਾ ਭੇਜਣ। ਮੋਦੀ ਬੁੱਧਵਾਰ ਤੋਂ ਅਮਰੀਕਾ ਦਾ ਦੋ ਰੋਜ਼ਾ ਦੌਰਾ ਕਰਨਗੇ ਅਤੇ ਰਾਸ਼ਟਰਪਤੀ ਟਰੰਪ ਨਾਲ ਦੁਵੱਲੀ ਮੀਟਿੰਗ ਹੋਵੇਗੀ। ਕਰਨਾਟਕ ਦੇ ਕਲਬੁਰਗੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਦਾਅਵਾ ਕੀਤਾ, ‘‘ਮੋਦੀ ਨੂੰ ਸ਼ੁਰੂ ’ਚ ਸੱਦਾ ਪੱਤਰ ਨਹੀਂ ਮਿਲਿਆ ਸੀ। ਹਾਲਾਂਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਮਰੀਕਾ ਗਏ ਅਤੇ ਇਸ ਦਾ ਪ੍ਰਬੰਧ ਕੀਤਾ, ਜਿਸ ਮਗਰੋਂ ਮੋਦੀ ਨੂੰ ਸੱਦਾ ਪੱਤਰ ਮਿਲਿਆ ਹੈ ਅਤੇ ਹੁਣ ਉਹ ਅਮਰੀਕਾ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਮੋਦੀ ਨੇ ਖੁਦ ਦਾਅਵਾ ਕੀਤਾ ਹੈ ਕਿ ਉਹ ਆਪਣੇ ‘ਪੁਰਾਣੇ ਦੋਸਤ’ ਨਾਲ ਗੱਲਬਾਤ ਕਰ ਰਹੇ ਹਨ, ਜਿਸ ਨਾਲ ਮੁਲਕ ਨੂੰ ਲਾਭ ਹੋਵੇਗਾ ਪਰ ਜੇ ਉਹ ਅਸਲੀਅਤ ’ਚ ਨੇੜਲੇ ਦੋਸਤ ਹਨ ਤਾਂ ਮੋਦੀ ਨੂੰ ਫੋਨ ’ਤੇ ਟਰੰਪ ਨੂੰ ਆਖਣਾ ਚਾਹੀਦਾ ਸੀ ਕਿ ਉਹ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਵਾਪਸ ਨਾ ਭੇਜਣ। ਖੜਗੇ ਨੇ ਦਾਅਵਾ ਕੀਤਾ ਕਿ ਮੋਦੀ ਨੇ ਟਰੰਪ ਨੂੰ ਪਰਵਾਸੀਆਂ ਨੂੰ ਮੁਸਾਫ਼ਰ ਜਹਾਜ਼ ਰਾਹੀਂ ਭੇਜਣ ਲਈ ਨਹੀਂ ਆਖਿਆ ਅਤੇ ਨਾ ਹੀ ਭਾਰਤ ਤੋਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਦੋਹਾਂ ਵਿਚਕਾਰ ਦੋਸਤੀ ਦਾ ਦਾਅਵਾ ਝੂਠਾ ਸੀ। ਉਨ੍ਹਾਂ ਕਿਹਾ ਕਿ ਮੋਦੀ ਪੂਰੇ ਆਤਮਵਿਸ਼ਵਾਸ ਨਾਲ ਬੋਲਦੇ ਹਨ ਪਰ ਉਨ੍ਹਾਂ ਨੂੰ ਝੂਠ ਬੋਲਣ ਦੀ ਵੀ ਆਦਤ ਹੈ ਜਿਸ ਕਰਕੇ ਵਧੀਆ ਨਤੀਜੇ ਨਹੀਂ ਮਿਲਣਗੇ।
Posted inDelhi
ਮੋਦੀ ਨੂੰ ਟਰੰਪ ਤੋਂ ਭਾਰਤੀਆਂ ਨਾਲ ਮਾੜੇ ਸਲੂਕ ਬਾਰੇ ਪੁੱਛਣਾ ਚਾਹੀਦਾ ਸੀ: ਖੜਗੇ
