ਸੁਰੰਗ ’ਚ ਫਸੇ ਕਾਮਿਆਂ ਨੂੰ ਬਾਹਰ ਕੱਢਣ ਦੇ ਆਸਾਰ ਮੱਧਮ

ਸੁਰੰਗ ’ਚ ਫਸੇ ਕਾਮਿਆਂ ਨੂੰ ਬਾਹਰ ਕੱਢਣ ਦੇ ਆਸਾਰ ਮੱਧਮ

ਨਾਗਰਕੁਰਨੂਲ : ਇੱਥੋਂ ਦੇ ਸ੍ਰੀਸੇਲਮ ਲੈਫਟ ਬੈਂਕ ਨਹਿਰ ਪ੍ਰਾਜੈਕਟ (ਐੱਸਐੱਲਬੀਸੀ) ਦੀ ਸੁਰੰਗ ਵਿਚ ਫਸੇ ਕਾਮਿਆਂ ਨੂੰ ਬਾਹਰ ਕੱਢਣ ਲਈ ਭਾਰਤੀ ਫੌਜ, ਐੱਨਡੀਆਰਐੱਫ ਅਤੇ ਹੋਰ ਟੀਮਾਂ ਨੇ ਪੂਰੀ ਵਾਹ ਲਾਈ ਪਰ ਇਨ੍ਹਾਂ ਟੀਮਾਂ ਨੂੰ ਅੱਜ ਸਫਲਤਾ ਨਾ ਮਿਲੀ। ਇਸ ਸੁਰੰਗ ਦਾ ਇਕ ਹਿੱਸਾ ਢਹਿ ਢੇਰੀ ਹੋਣ ਕਾਰਨ ਅੰਦਰ ਫਸੇ ਹੋਏ ਅੱਠ ਮਜ਼ਦੂਰਾਂ ਤੇ ਹੋਰ ਕਾਮਿਆਂ ਨੂੰ ਬਾਹਰ ਕੱਢਣ ਲਈ ਟੀਮਾਂ ਯਤਨ ਕਰ ਰਹੀਆਂ ਹਨ ਤੇ ਇਨ੍ਹਾਂ ਕਾਮਿਆਂ ਨੂੰ ਸੁਰੰਗ ਵਿਚ ਫਸੇ ਤੀਹ ਘੰਟੇ ਤੋਂ ਜ਼ਿਆਦਾ ਹੋ ਗਏ ਹਨ। ਤਿਲੰਗਾਨਾ ਦੇ ਮੰਤਰੀ ਜੇ ਕ੍ਰਿਸ਼ਨਾ ਰਾਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਇਨ੍ਹਾਂ ਕਾਮਿਆਂ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਪਰ ਹਾਲਾਤ ਸਾਜ਼ਗਾਰ ਨਹੀਂ ਹਨ। ਸੁਰੰਗ ਅੰਦਰ ਗਾਰਾ ਬਹੁਤ ਜ਼ਿਆਦਾ ਹੈ ਜਿਸ ਵਿਚੋਂ ਲੰਘਣਾ ਅਸੰਭਵ ਹੋ ਗਿਆ ਹੈ। ਰਾਹਤ ਕਾਮੇ ਇਸ ਗਾਰੇ ਵਿੱਚੋਂ ਲੰਘਣ ਲਈ ਰਬੜ ਦੀਆਂ ਟਿਊਬਾਂ ਅਤੇ ਲੱਕੜ ਦੇ ਤਖਤਿਆਂ ਦੀ ਵਰਤੋਂ ਕਰ ਰਹੇ ਹਨ। ਉਹ ਆਸਵੰਦ ਹਨ ਪਰ ਹਾਲ ਦੀ ਘੜੀ ਉਹ ਕੁਝ ਵੀ ਨਹੀਂ ਕਹਿ ਸਕਦੇ।

ਇਸ ਤੋਂ ਪਹਿਲਾਂ ਨਾਗਰਕੁਰਨੂਲ ਦੇ ਜ਼ਿਲ੍ਹਾ ਕੁਲੈਕਟਰ ਬੀ ਸੰਤੋਸ਼ ਨੇ ਦੱਸਿਆ ਸੀ ਕਿ ਬਚਾਅ ਟੀਮ ਉਸ ਥਾਂ ’ਤੇ ਪੁੱਜ ਗਈ ਹੈ ਜਿੱਥੇ ਹਾਦਸਾ ਵਾਪਰਿਆ ਸੀ। ਉਨ੍ਹਾਂ ਦੱਸਿਆ ਕਿ ਇਸ ਥਾਂ ’ਤੇ ਗਾਰਾ ਹੋਣ ਕਾਰਨ ਸਮੱਸਿਆ ਆ ਰਹੀ ਹੈ ਤੇ ਇਸ ਹੇਠ ਕਾਮਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜਾਂ ਦੀ ਅਗਵਾਈ ਕਰ ਰਹੇ ਕੁਲੈਕਟਰ ਨੇ ਦੱਸਿਆ ਕਿ ਐੱਨਡੀਆਰਐੱਫ ਦੀਆਂ ਚਾਰ ਟੀਮਾਂ ਕਾਮਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਵਿੱਚ ਇਕ ਹੈਦਰਾਬਾਦ ਤੇ ਤਿੰਨ ਵਿਜੈਵਾੜਾ ਤੋਂ ਹਨ। ਇਨ੍ਹਾਂ ਟੀਮਾਂ ਦੇ 138 ਮੈਂਬਰ ਹਨ। ਇਨ੍ਹਾਂ ਟੀਮਾਂ ਦੇ ਮੈਂਬਰ ਸੁਰੰਗ ਵਿਚ ਬੋਰਿੰਗ ਮਸ਼ੀਨ ਕੋਲ ਪੁੱਜ ਗਏ ਹਨ ਪਰ ਗਾਰਾ ਹੋਣ ਕਾਰਨ ਟੀਮ ਇਸ ਥਾਂ ਤੋਂ ਅੱਗੇ ਨਹੀਂ ਜਾ ਸਕੀ। ਉਨ੍ਹਾਂ ਦੱਸਿਆ ਕਿ ਸੁਰੰਗ ਵਿਚ ਆਕਸੀਜ਼ਨ ਤੇ ਪਾਵਰ ਸਪਲਾਈ ਉਪਲਬਧ ਕਰਵਾਈ ਗਈ ਹੈ ਅਤੇ ਪਾਣੀ ਕੱਢਣ ਦਾ ਕੰਮ ਵੀ ਚੱਲ ਰਿਹਾ ਹੈ। ਫਿਲਹਾਲ ਟੀਮ ਦਾ ਫਸੇ ਹੋਏ ਲੋਕਾਂ ਨਾਲ ਕੋਈ ਸੰਚਾਰ ਨਹੀਂ ਹੋਇਆ।

Share: