ਜੰਡਿਆਲਾ ਮੰਜਕੀ : ਪਿੰਡ ਚੱਕ ਦੇਸ ਰਾਜ ਵਿੱਚ ਇੱਕ ਐੱਨ.ਆਰ.ਆਈ. ਪਰਿਵਾਰ ਦੇ ਵਿਆਹ ਸਮਾਗਮ ਵਿੱਚ ਗੋਲੀ ਚੱਲਣ ਨਾਲ ਹੋਏ ਕਤਲ ਦਾ ਮਾਮਲਾ ਸੁਲਝਾਉਂਦਿਆਂ ਜਲੰਧਰ ਦਿਹਾਤੀ ਪੁਲੀਸ ਨੇ ਕਤਲ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਵਰਤਿਆ ਰਿਵਾਲਵਰ ਬਰਾਮਦ ਕਰ ਲਿਆ ਹੈ। ਕਤਲ ਦੇ ਦੋਸ਼ ਵਿੱਚ ਫੜੇ ਗਏ ਵਿਅਕਤੀ ਦੀ ਪਛਾਣ ਹਰਮਨ ਵਾਸੀ ਗੁਰਾਇਆਂ ਵਜੋਂ ਹੋਈ ਹੈ। ਪੁਲੀਸ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁਲਜ਼ਮ ਨੇ ਵਿਆਹ ਸਮਾਗਮ ਦੌਰਾਨ ਤਿੰਨ ਗੋਲੀਆਂ ਚਲਾਈਆਂ, ਜਿਸ ਵਿੱਚੋਂ ਇੱਕ ਗੋਲੀ ਸਿੱਧੀ ਪਰਮਜੀਤ ਸਿੰਘ ਨੂੰ ਲੱਗੀ, ਜਿਸ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ।
ਪੁਲੀਸ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 22 ਫਰਵਰੀ 2025 ਨੂੰ ਏ.ਐੱਸ.ਆਈ. ਸੁਭਾਸ਼ ਕੁਮਾਰ, ਇੰਚਾਰਜ ਪੁਲੀਸ ਚੌਕੀ ਧੁਲੇਤਾ ਨੂੰ 17 ਫਰਵਰੀ ਦੀ ਰਾਤ ਨੂੰ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਸੀ। ਰਾਤ ਲਗਭਗ 10 ਵਜੇ ਪਿੰਡ ਚੱਕ ਦੇਸ ਰਾਜ ਵਿੱਚ ਇੱਕ ਐੱਨ.ਆਰ.ਆਈ. ਪਰਿਵਾਰ ਦੇ ਵਿਆਹ ਸਮਾਗਮ ਦੌਰਾਨ ਮੁਲਜ਼ਮ ਨੇ ਸਰਕਾਰੀ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਘਟਨਾ ਬਾਰੇ ਪਰੇਸ਼ਾਨ ਕਰਨ ਵਾਲੇ ਵੇਰਵਿਆਂ ਦਾ ਖੁਲਾਸਾ ਕੀਤਾ ਜੋ ਵੀਡੀਓ ਵਿੱਚ ਕੈਦ ਹੋ ਗਿਆ ਸੀ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪ੍ਰਸਾਰਿਤ ਕੀਤਾ ਗਿਆ ਸੀ।
ਸ੍ਰੀ ਖੱਖ ਨੇ ਦੱਸਿਆ ਕਿ ਅਗਲੇਰੀ ਜਾਂਚ ਵਿੱਚ ਪੰਜ ਵਿਅਕਤੀਆਂ ਦਾ ਮੌਤ ਦਾ ਅਸਲ ਕਾਰਨ ਛੁਪਾਉਣ ਦੀ ਕੋਸ਼ਿਸ਼ ਦਾ ਪਰਦਾਫਾਸ਼ ਹੋਇਆ, ਜਿਨ੍ਹਾਂ ਨੇ ਪੋਸਟਮਾਰਟਮ ਕਰਵਾਉਣ ਤੋਂ ਬਿਨਾਂ ਹੀ ਲਾਸ਼ ਦਾ ਸਸਕਾਰ ਕਰ ਕੇ ਜਾਣਬੁੱਝ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਪੰਜਾਂ ਦੀ ਪਛਾਣ ਪਿੰਡ ਚੱਕ ਦੇਸ ਰਾਜ ਤੋਂ ਰਛਪਾਲ ਸਿੰਘ (ਐੱਨਆਰਆਈ), ਸੁਖਜੀਤ ਸਹੋਤਾ ਅਤੇ ਭੁਪਿੰਦਰ ਸਿੰਘ, ਪਿੰਡ ਲਾਂਗੜੀਆਂ ਤੋਂ ਸਤਿੰਦਰ ਸਿੰਘ ਅਤੇ ਇਸ ਸਮੇਂ ਅਮਰੀਕਾ ਵਿੱਚ ਰਹਿ ਰਹੇ ਮੱਖਣ ਸਿੰਘ ਵਜੋਂ ਹੋਈ ਹੈ। ਪੁਲੀਸ ਵੱਲੋਂ ਬੀਐੱਨਐੱਸ ਦੀ ਧਾਰਾ 125, 105, 238, 61(2) ਅਤੇ ਅਸਲਾ ਐਕਟ ਦੀ ਧਾਰਾ 25/27-54-59 ਤਹਿਤ ਥਾਣਾ ਗੁਰਾਇਆ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।