ਮਾਲੇਰਕੋਟਲਾ ਰਿਆਸਤ ਉੱਤਰਾਧਿਕਾਰੀ ਦੀ ਸ਼ਿਕਾਇਤ ’ਤੇ ਅਧਿਕਾਰੀ ਖ਼ਿਲਾਫ਼ ਕੇਸ ਦਰਜ

ਮਾਲੇਰਕੋਟਲਾ ਰਿਆਸਤ ਉੱਤਰਾਧਿਕਾਰੀ ਦੀ ਸ਼ਿਕਾਇਤ ’ਤੇ ਅਧਿਕਾਰੀ ਖ਼ਿਲਾਫ਼ ਕੇਸ ਦਰਜ

ਮਾਲੇਰਕੋਟਲਾ : ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਪੁਰਾਲੇਖ ਅਜਾਇਬ ਘਰ ਚੰਡੀਗੜ੍ਹ ਮੁੱਖ ਦਫ਼ਤਰ ਦੇ ਇੱਕ ਸੀਨੀਅਰ ਸਹਾਇਕ ਰਮਨ ਖੈਰਾ ਖ਼ਿਲਾਫ਼ ਰਿਆਸਤ ਮਾਲੇਰਕੋਟਲਾ ਦੇ ਆਖ਼ਰੀ ਨਵਾਬ ਮਰਹੂਮ ਇਫ਼ਤਿਖ਼ਾਰ ਅਲੀ ਖ਼ਾਨ ਦੀ ਬੇਗ਼ਮ ਮਰਹੂਮ ਮੁਨੱਵਰ ਉਨ ਨਿਸ਼ਾ ਦੀ ਉੱਤਰਾਧਿਕਾਰੀ ਪੋਤੀ ਮਹਿਰੂ ਨਿਸ਼ਾ ਨੂੰ ਕਥਿਤ ਤੌਰ ‘ਤੇ ਸਰੀਰਕ ਸੰਬੰਧ ਬਣਾਉਣ ਲਈ ਪਰੇਸ਼ਾਨ ਕਰਨ ਦੇ ਦੋਸ਼ ਵਿੱਚ ਥਾਣਾ ਸ਼ਹਿਰੀ ਮਾਲੇਰਕੋਟਲਾ -1 ਵਿਖੇ ਆਈਪੀਸੀ ਦੀ ਧਾਰਾ 354 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮਹਿਰੂ ਨਿਸ਼ਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਸ਼ਾਹੀ ਜਾਇਦਾਦ ਮੁਬਾਰਕ ਮੰਜ਼ਿਲ ਦੀ ਕੀਮਤ ਵਜੋਂ ਕੁੱਲ 3 ਕਰੋੜ ਰੁਪਏ ਵਿੱਚੋਂ 1.2 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ ਕਰਵਾਉਣ ਲਈ ਉਕਤ ਅਧਿਕਾਰੀ ਵੱਲੋਂ ਕਥਿਤ ਤੌਰ ’ਤੇ ਸਰੀਰਕ ਸਬੰਧ ਬਣਾਉਣ ਲਈ ਪ੍ਰੇਸ਼ਾਨ ਕੀਤਾ ਗਿਆ। ਇਹ ਮਾਮਲਾ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਦੇ ਆਦੇਸ਼ਾਂ ’ਤੇ ਐੱਸਪੀ(ਡੀ) ਮਾਲੇਰਕੋਟਲਾ ਵੱਲੋਂ ਕੀਤੀ ਗਈ ਜਾਂਚ ਸੰਬੰਧੀ ਕਾਨੂੰਨੀ ਰਾਇ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਮਹਿਰੂ ਨਿਸ਼ਾ ਨੇ ਰਮਨ ਖੈਰਾ ’ਤੇ ਦੋਸ਼ ਲਗਾਇਆ ਸੀ ਕਿ ਉਸਨੇ ਮਰਹੂਮ ਬੇਗ਼ਮ ਮੁਨੱਵਰ ਉਨ ਨਿਸ਼ਾ ਵੱਲੋਂ ਕੀਤੀ ਗਈ ਵਸੀਅਤ ਦੇ ਅਨੁਸਾਰ 1.20 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਲਈ ਕਥਿਤ ਤੌਰ ‘ਤੇ ਸਰੀਰਕ ਸਬੰਧ ਬਣਾਉਣ ਦੀ ਮੰਗ ਕੀਤੀ ਸੀ।

ਸ਼ਿਕਾਇਤ ਸਮੇਂ ਮਹਿਰੂ ਨਿਸ਼ਾ ਨੇ ਰਮਨ ਖੈਰਾ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ਦੀ ਇੱਕ ਟ੍ਰਾਂਸਕ੍ਰਿਪਟ ਦੇ ਨਾਲ-ਨਾਲ ਇਸਦੀ ਡਿਜੀਟਲ ਰਿਕਾਰਡਿੰਗ ਵੀ ਨੱਥੀ ਕੀਤੀ ਸੀ। ਦੂਜੇ ਪਾਸੇ ਰਮਨ ਖੈਰਾ ਨੇ ਜਾਂਚ ਵਿੱਚ ਸ਼ਾਮਲ ਹੋ ਕੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸ਼ਿਕਾਇਤਕਰਤਾ ਮਹਿਰੂ ਨਿਸ਼ਾ ਤੋਂ ਮੁਬਾਰਕ ਮੰਜ਼ਿਲ ਪੈਲੇਸ ਖ਼ਾਲੀ ਕਰਵਾਉਣ ਲਈ ਕੇਸ ਦੀ ਕਾਰਵਾਈ ਉਸ ਵੱਲੋਂ ਮੁਕੰਮਲ ਕੀਤੀ ਜਾ ਰਹੀ ਸੀ, ਜਿਸ ਕਾਰਨ ਮਹਿਰੂ ਨਿਸ਼ਾ ਉਸ ਖ਼ਿਲਾਫ਼ ਝੂਠੇ ਦੋਸ਼ ਲਾ ਰਹੀ ਹੈ।

ਦੱਸਣਯੋਗ ਹੈ ਕਿ ਮਹਿਲ ਮੁਬਾਰਕ ਮੰਜ਼ਿਲ ਦੀ ਤਤਕਾਲੀ ਮਾਲਕ ਮਰਹੂਮ ਬੇਗ਼ਮ ਮੁਨੱਵਰ ਉਨ ਨਿਸ਼ਾ ਨੇ 7 ਅਪਰੈਲ 2021 ਨੂੰ ਇੱਕ ਰਜਿਸਟਰਡ ਡੀਡ ਰਾਹੀਂ ਡਾਇਰੈਕਟੋਰੇਟ ਸਭਿਆਚਾਰਕ ਮਾਮਲੇ ਪੁਰਾਤਤਵ ਅਤੇ ਪੁਰਾਣੇ ਅਜਾਇਬ ਘਰ ਪੰਜਾਬ (ਚੰਡੀਗੜ੍ਹ) ਨੂੰ ਤਿੰਨ ਕਰੋੜ ਵਿੱਚ ਰਜਿਸਟਰੀ ਕਰਵਾਈ ਸੀ ,ਜਿਸ ਦਾ ਉਸ ਸਮੇਂ ਚੈੱਕ ਰਾਹੀਂ 1.80 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ ਅਤੇ 1.20 ਕਰੋੜ ਰੁਪਏ ਦੀ ਰਕਮ ਬਕਾਇਆ ਸੀ। ਇਸ ਦੌਰਾਨ 27 ਅਕਤੂਬਰ, 2023 ਨੂੰ ਬੇਗ਼ਮ ਮੁਨੱਵਰ ਉੱਨ ਨਿਸ਼ਾ ਦੀ ਮੌਤ ਹੋ ਗਈ ਅਤੇ ਬਾਅਦ ਵਿੱਚ ਮਹਿਰੂ ਨਿਸ਼ਾ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤੀ ਗਈ ਵਸੀਅਤ ਅਨੁਸਾਰ ਇਕਲੌਤੀ ਉੱਤਰਾਧਿਕਾਰੀ ਵਜੋਂ ਸਾਹਮਣੇ ਆਈ ਸੀ।

Share: