ਮਹਾਂਕੁੰਭ ਨਗਰ : ਮਹਾਸ਼ਿਵਰਾਤਰੀ ਮੌਕੇ ਅੱਜ ਮਹਾਂਕੁੰਭ ਦਾ ਆਖਰੀ ‘ਇਸ਼ਨਾਨ’ ਸ਼ੁਰੂ ਹੋ ਗਿਆ ਹੈ। ‘ਹਰ ਹਰ ਮਹਾਦੇਵ’ ਦੇ ਜਾਪ ਦਰਮਿਆਨ ਲੱਖਾਂ ਸ਼ਰਧਾਲੂਆਂ ਨੇ ਤ੍ਰਿਵੇਣੀ ਦੇ ਸੰਗਮ ’ਤੇ ਆਸਥਾ ਦੀ ਡੁਬਕੀ ਲਾਈ। ਸ਼ਿਵਰਾਤਰੀ ਨਾਲ ਪਿਛਲੇ 45 ਦਿਨਾਂ ਤੋਂ ਚੱਲ ਰਿਹਾ ‘ਮਹਾਂਕੁੰਭ’ ਸਮਾਪਤ ਹੋਣ ਕੰਢੇ ਪਹੁੰਚ ਗਿਆ ਹੈ।
ਬਾਰ੍ਹਾਂ ਸਾਲਾਂ ਵਿਚ ਇਕ ਵਾਰ ਆਉਂਦੇ ਵਿਸ਼ਵ ਦੇ ਸਭ ਤੋਂ ਵੱਡੇ ਧਾਰਮਿਕ ਇਕੱਠ ਦਾ ਆਗਾਜ਼ 13 ਜਨਵਰੀ ਨੂੰ ਪੌਸ਼ ਪੂਰਨਿਮਾ ਨਾਲ ਹੋਇਆ ਸੀ। ਇਸ ਦੌਰਾਨ ਨਾਗਾ ਸਾਧੂਆਂ ਦੇ ਵਿਸ਼ਾਲ ਜਲੂਸ ਅਤੇ ਤਿੰਨ ‘ਅੰਮ੍ਰਿਤ ਇਸ਼ਨਾਨ’ ਦੇਖਣ ਨੂੰ ਮਿਲੇ। ਹੁਣ ਤੱਕ 65 ਕਰੋੜ ਤੋਂ ਵੱਧ ਸ਼ਰਧਾਲੂ ਤ੍ਰਿਵੇਣੀ ਦੇ ਸੰਗਮ ’ਤੇ ਆਸਥਾ ਦੀ ਚੁੱਬੀ ਲਾ ਚੁੱਕੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਤੜਕੇ 4 ਵਜੇ ਤੋਂ ਲਖਨਊ ਸਥਿਤ ਆਪਣੀ ਰਿਹਾਇਸ਼ ਤੋਂ ਖ਼ੁਦ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ‘ਸਨਾਨ’ ਨਾਲ ਜੁੜੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸਾਧੂ ਸੰਤਾਂ, ਕਲਪਾਸੀਆਂ ਤੇ ਸ਼ਰਧਾਲੂਆਂ ਨੂੰ ਬਹੁਤ ਵਧਾਈਆਂ, ਜੋ ਮਹਾਸ਼ਿਵਰਾਤਰੀ ਮੌਕੇ ਅੱਜ ਤ੍ਰਿਵੇਣੀ ਦੇ ਸੰਗਮ ’ਤੇ ਪਵਿੱਤਰ ਇਸ਼ਨਾਨ ਲਈ ਪੁੱਜੇ ਹਨ…ਹਰ ਹਰ ਮਹਾਂਦੇਵ!’’
ਭਾਰਤ ਸਰਕਾਰ ਮੁਤਾਬਕ ਅੱਜ ਸਵੇਰੇ 2 ਵਜੇ ਤੱਕ 11.66 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ’ਤੇ ਆਸਥਾ ਦੀ ਚੁੱਬੀ ਲਾਈ ਹੈ। ਅਗਲੇ ਦੋ ਘੰਟਿਆਂ ਵਿਚ ਇਹ ਗਿਣਤੀ ਵੱਧ ਕੇ 25.64 ਲੱਖ ਹੋ ਗਈ ਤੇ ਸਵੇਰੇ ਛੇ ਵਜੇ ਤੱਕ ਇਹ ਅੰਕੜਾ ਲਗਪਗ ਦੁੱਗਣਾ ਸੀ। ਮਹਾਂਕੁੰਭ ਦੇ ਆਖਰੀ ਦਿਨ ਹੁਣ ਤੱਕ 81 ਲੱਖ ਲੋਕ ਇਸ਼ਨਾਨ ਕਰ ਚੁੱਕੇ ਹਨ।