ਬਾਬਾ ਲੱਖਾ ਸਿੰਘ ਦੀ ਤੇਜ਼ ਰਫ਼ਤਾਰ ਗੱਡੀ ਨੇ ਸਕੂਟਰ ਸਵਾਰ ਪਤੀ-ਪਤਨੀ ਨੂੰ ਦਰੜਿਆ, ਮੌਤ

ਬਾਬਾ ਲੱਖਾ ਸਿੰਘ ਦੀ ਤੇਜ਼ ਰਫ਼ਤਾਰ ਗੱਡੀ ਨੇ ਸਕੂਟਰ ਸਵਾਰ ਪਤੀ-ਪਤਨੀ ਨੂੰ ਦਰੜਿਆ, ਮੌਤ

ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਤੇ ਨਾਨਕਸਰ ਦੇ ਮੁਖੀ ਬਾਬਾ ਲੱਖਾ ਸਿੰਘ ਦੀ ਤੇਜ਼ ਰਫ਼ਤਾਰ ਗੱਡੀ ਨਾਲ ਸਕੂਟਰ ਦੀ ਟੱਕਰ ਹੋ ਗਈ ਜਿਸ ਕਾਰਨ ਸਕੂਟਰ ਸਵਾਰ ਗਰਭਵਤੀ ਔਰਤ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ।

ਗੱਡੀ ਨੂੰ ਬਾਬਾ ਲੱਖਾ ਸਿੰਘ ਦਾ ਡਰਾਈਵਰ ਚਲਾ ਰਿਹਾ ਸੀ। ਪੁਲਿਸ ਨੇ ਗੱਡੀ ਕਬਜ਼ੇ ਵਿੱਚ ਲੈ ਲਈ ਹੈ। ਜਾਣਕਾਰੀ ਮੁਤਾਬਕ ਬਲਕਾਰ ਸਿੰਘ (39) ਵਾਸੀ ਪਿੰਡ ਨਿਧਾਂਵਾਲਾ ਆਪਣੀ ਪਤਨੀ ਲਵਜੀਤ ਕੌਰ ਨਾਲ ਮੋਗਾ ਤੋਂ ਖਰੀਦਦਾਰੀ ਕਰ ਕੇ ਪਿੰਡ ਪਰਤ ਰਿਹਾ ਸੀ।

ਮੋਗਾ-ਫ਼ਿਰੋਜਪੁਰ ਕੌਮੀ ਮਾਰਗ ਉੱਤੇ ਥਾਣਾ ਸਦਰ ਨੇੜੇ ਉਨ੍ਹਾਂ ਦੇ ਸਕੂਟਰ ਨੂੰ ਨਾਨਕਸਰ ਠਾਠ ਦੇ ਮੁਖੀ ਦੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟਰ ਸਵਾਰ ਜੋੜਾ ਸੜਕ ਉੱਤੇ ਡਿੱਗ ਪਿਆ ਅਤੇ ਉਨ੍ਹਾਂ ਦੇ ਸਿਰ ਉੱਤੇ ਸੱਟਾਂ ਲੱਗੀਆਂ। ਮਹਿਲਾ ਲਵਜੀਤ ਕੌਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਬਲਕਾਰ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਲੁਧਿਆਣਾ ਰੈਫ਼ਰ ਕਰ ਦਿੱਤਾ। ਬਾਅਦ ਵਿਚ ਉਸ ਦੀ ਵੀ ਮੌਤ ਹੋ ਗਈ। ਇਸ ਮੌਕੇ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਵੀ ਮੌਕੇ ਉੱਤੇ ਪੁੱਜ ਗਈ। ਥਾਣਾ ਦੀ ਸਦਰ ਪੁਲਿਸ ਨੇ ਨਾਨਕਸਰ ਠਾਠ ਦੇ ਮੁਖੀ ਦੀ ਗੱਡੀ ਕਬਜ਼ੇ ਵਿਚ ਲੈ ਲਈ ਹੈ। ਪੁਲਿਸ ਮੁਤਾਬਕ ਬਾਬਾ ਲੱਖਾ ਸਿੰਘ ਗੱਡੀ ਵਿੱਚ ਸਵਾਰ ਸਨ ਅਤੇ ਗੱਡੀ ਨੂੰ ਉਨ੍ਹਾਂ ਦਾ ਡਰਾਈਵਰ ਚਲਾ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

 

Share: