ਗੱਲਬਾਤ ਤੋਂ ਸੰਤੁਸ਼ਟ ਕਿਸਾਨ ਫੋਰਮ ਕੇਂਦਰ ਨੂੰ ਭੇਜਣਗੇ ਮੰਗਾਂ ਦਾ ਖਰੜਾ

ਗੱਲਬਾਤ ਤੋਂ ਸੰਤੁਸ਼ਟ ਕਿਸਾਨ ਫੋਰਮ ਕੇਂਦਰ ਨੂੰ ਭੇਜਣਗੇ ਮੰਗਾਂ ਦਾ ਖਰੜਾ

ਪਟਿਆਲਾ /ਪਾਤੜਾਂ : ਕਿਸਾਨੀ ਮੰਗਾਂ ਮਨਵਾਉਣ ਲਈ ਜਾਰੀ ਸੰਘਰਸ਼ ਦੀ ਅਗਵਾਈ ਕਰ ਰਹੀਆਂ ਕਿਸਾਨ ਫੋਰਮਾਂ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਲੀਡਰਸ਼ਿਪ ਕੇਂਦਰ ਸਰਕਾਰ ਵੱਲੋਂ 22 ਫਰਵਰੀ ਨੂੰ ਕੀਤੀ ਗਈ ਛੇਵੇਂ ਗੇੜ ਦੀ ਮੀਟਿੰਗ ਤੋਂ ਸੰਤੁਸ਼ਟ ਹੈ। ਕੇਂਦਰ ਸਰਕਾਰ ਵੱਲੋਂ ਕੀਤੀ ਗਈ ਮੰਗ ਤਹਿਤ ਫੋਰਮਾਂ ਦੇ ਆਗੂ ਵਿਚਾਰ-ਚਰਚਾ ਕਰ ਕੇ ਅਗਲੇ 7 ਦਿਨਾਂ ’ਚ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਤੇ ਦਲੀਲਾਂ ਸਬੰਧੀ ਖਰੜਾ ਭੇਜਣਗੇ। ਜਗਜੀਤ ਡੱਲੇਵਾਲ ਅਤੇ ਸਰਵਣ ਪੰਧੇਰ ਸਮੇਤ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਨਾਲ ਪੇਂਡੂ ਅਰਥਚਾਰਾ ਵੀ ਪ੍ਰਫੁੱਲਿਤ ਹੋਵੇਗਾ। ਯਾਦ ਰਹੇ ਕਿ ਪਹਿਲਾਂ 18 ਜਨਵਰੀ ਨੂੰ ਕੇਂਦਰ ਵੱਲੋਂ ਢਾਬੀਗੁੱਜਰਾਂ ਬਾਰਡਰ ’ਤੇ ਪੁੱਜੇ ਅਧਿਕਾਰੀਆਂ ਦੇ ਵਫ਼ਦ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਸੀ ਪਰ 14 ਫਰਵਰੀ ਨੂੰ ਹੋਈ ਮੀਟਿੰਗ ’ਚ ਖੇਤੀ ਮੰਤਰੀ ਦੇ ਨਾ ਪੁੱਜਣ ਕਾਰਨ 22 ਫਰਵਰੀ ਨੂੰ ਮੁੜ ਮੀਟਿੰਗ ਹੋਈ। ਮੀਟਿੰਗ ਵਿੱਚ ਤਿੰਨ ਕੇਂਦਰੀ ਮੰਤਰੀਆਂ ਸ਼ਿਵਰਾਜ ਸਿੰਘ ਚੌਹਾਨ, ਪਿਊਸ਼ ਗੋਇਲ ਅਤੇ ਪ੍ਰਹਿਲਾਦ ਜੋਸ਼ੀ ਸਮੇਤ ਪੰਜਾਬ ਦੇ ਤਿੰਨ ਮੰਤਰੀਆਂ ਹਰਪਾਲ ਚੀਮਾ, ਗੁਰਮੀਤ ਖੁੱਡੀਆਂ ਤੇ ਲਾਲ ਚੰਦ ਕਟਾਰੂਚੱਕ ਨੇ ਸ਼ਿਰਕਤ ਕੀਤੀ। ਮੀਟਿੰਗ ਤੋਂ ਅਗਲੇ ਦਿਨ ਅੱਜ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਕੀਤੀ ਗਈ ਮੁੱਢਲੀ ਵਿਚਾਰ-ਚਰਚਾ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਨਾਲ ਜਾਰੀ ਗੱਲਬਾਤ ’ਤੇ ਤਸੱਲੀ ਪ੍ਰਗਟਾਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਦੇ ਮੁੱਦੇ ’ਤੇ ਉਨ੍ਹਾਂ ਵੱਲੋਂ ਤੱਥਾਂ ਸਮੇਤ ਕੀਤੀ ਗਈ ਗੱਲਬਾਤ ਮੰਤਰੀਆਂ ਨੇ ਸੰਜੀਦਗੀ ਨਾਲ ਸੁਣੀ। ਇਸ ਦੇ ਨਾਲ ਹੀ ਉਨ੍ਹਾਂ ਅਜਿਹੇ ਸਾਰੇ ਤੱਥ ਦਸਤਾਵੇਜ਼ੀ ਰੂਪ ਵਿੱਚ ਮੁਹੱਈਆ ਕਰਵਾਉਣ ਲਈ ਕਿਹਾ। ਹੁਣ ਉਹ ਇਕ ਹਫਤੇ ’ਚ ਆਪਣੇ ਤਰਕ ਅਤੇ ਤੱਥ ਦਸਤਾਵੇਜ਼ੀ ਰੂਪ ’ਚ ਕੇਂਦਰ ਨੂੰ ਭੇਜ ਦੇਣਗੇ, ਤਾਂ ਜੋ 18 ਮਾਰਚ ਨੂੰ ਹੋਣ ਵਾਲੀ ਮੀਟਿੰਗ ’ਚ ਇਸ ’ਤੇ ਚਰਚਾ ਹੋ ਸਕੇ।

ਡੱਲੇਵਾਲ ਦੇ ਮਰਨ ਵਰਤ ਦੇ ਤਿੰਨ ਮਹੀਨੇ ਪੂਰੇ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਅੱਜ 90 ਦਿਨ ਪੂਰੇ ਹੋ ਗਏ ਹਨ। ਉਹ 26 ਨਵੰਬਰ ਤੋਂ ਮਰਨ ਵਰਤ ’ਤੇ ਹਨ। ਕੇਂਦਰ ਵੱਲੋਂ ਗੱਲਬਾਤ ਦਾ ਸੱਦਾ ਮਿਲਣ ਮਗਰੋਂ ਮਰਨ ਵਰਤ ਦੇ 55ਵੇਂ ਦਿਨ (19 ਜਨਵਰੀ) ਤੋਂ ਉਨ੍ਹਾਂ ਨੂੰ ਮੈਡੀਕਲ ਟਰੀਟਮੈਂਟ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦਾ ਮਰਨ ਵਰਤ ਜਾਰੀ ਹੈ। ਬੀਤੇ ਦਿਨ ਉਹ ਚੰਡੀਗੜ੍ਹ ਵਿੱਚ ਕੇਂਦਰ ਨਾਲ ਦੂਜੀ ਵਾਰ ਹੋਈ ਮੀਟਿੰਗ ’ਚ ਸ਼ਾਮਲ ਹੋਏ ਪਰ ਸਫਰ ’ਚ ਔਖ ਤੇ ਰਾਤ ਹੋ ਜਾਣ ਕਾਰਨ ਕੱਲ੍ਹ ਉਹ ਚੰਡੀਗੜ੍ਹ ’ਚ ਹੀ ਰੁਕ ਗਏ ਸਨ ਤੇ ਉਥੋਂ ਅੱਜ ਢਾਬੀਗੁੱਜਰਾਂ ਬਾਰਡਰ ’ਤੇ ਪਰਤੇ ਹਨ। ਇਸੇ ਦੌਰਾਨ ਦਿੱਲੀ ਅੰਦੋਲਨ ਦੇ ਸ਼ਹੀਦ ਨਵਰੀਤ ਸਿੰਘ ਡਿਬਡਿਬਾ ਦੇ ਦਾਦਾ ਬਾਬਾ ਹਰਦੀਪ ਸਿੰਘ ਡਿਬਡਿਬਾ ਨੇ ਅੱਜ ਢਾਬੀਗੁੱਜਰਾਂ ਬਾਰਡਰ ’ਤੇ ਪਹੁੰਚ ਕੇ ਡੱਲੇਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਸਾਨ ਆਗੂ ਦਾ ਹਾਲ-ਚਾਲ ਪੁੱਛਿਆ ਅਤੇ ਅੰਦੋਲਨ ਸਬੰਧੀ ਵਿਚਾਰ-ਚਰਚਾ ਕੀਤੀ।

Share: