ਮੁੰਬਈ : ਭ੍ਰ਼ਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਝੰਡਾਬਰਦਾਰ ਰਹੇ ਕਾਰਕੁਨ ਅੰਨਾ ਹਜ਼ਾਰੇ ਨੇ ਕਿਹਾ ਕਿ ‘ਆਪ’ ਆਗੂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੰਗਾ ਕੰਮ ਕਰ ਰਹੇ ਸਨ, ਪਰ ਫਿਰ ਉਨ੍ਹਾਂ ਸ਼ਰਾਬ ਦੇ ਠੇਕੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਉਸ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।
ਹਜ਼ਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਰੇਖਾ ਗੁਪਤਾ, ਜੋ ਮੁੱਖ ਮੰਤਰੀ ਬਣੀ, ਦੇ ਸ਼ੁੱਧ ਵਿਚਾਰਾਂ ਤੇ ਕਰਮਾਂ ਕਰਕੇ ਉਸ ਨੂੰ ਵੋਟ ਪਾਈ। ਹਜ਼ਾਰੇ ਨੇ ਕਿਹਾ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਸਮਾਜ ਲਈ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਸੀ, ਪਰ ਉਹ ਕੁਰਾਹੇ ਪੈ ਗਿਆ। ਚੇਤੇ ਰਹੇ ਕਿ ਹਜ਼ਾਰੇ ਦੇ ਉਪਰੋਕਤ ਅੰਦੋਲਨ ’ਚੋਂ ਹੀ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀ। ਹਜ਼ਾਰੇ ਨੇ ‘ਆਪ’ ਸਰਕਾਰ ਦੀ ਵਿਵਾਦਿਤ ਆਬਕਾਰੀ ਨੀਤੀ ਦੇ ਹਵਾਲੇ ਨਾਲ ਪੱਤਰਕਾਰਾਂ ਨੂੰ ਕਿਹਾ, ‘‘ਪਹਿਲਾਂ ਉਹ ਮੁੱਖ ਮੰਤਰੀ (ਕੇਜਰੀਵਾਲ) ਵਜੋਂ ਚੰਗਾ ਕੰਮ ਕਰ ਰਿਹਾ ਸੀ ਅਤੇ ਤਿੰਨ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਿਆ। ਮੈਂ (ਉਨ੍ਹਾਂ ਦੇ ਵਿਰੁੱਧ) ਕੁਝ ਨਹੀਂ ਬੋਲਿਆ ਕਿਉਂਕਿ ਉਹ ਚੰਗਾ ਕੰਮ ਕਰ ਰਹੇ ਸਨ। ਪਰ ਫਿਰ, ਉਨ੍ਹਾਂ ਨੇ ਹੌਲੀ-ਹੌਲੀ ਸ਼ਰਾਬ ਦੇ ਠੇਕੇ ਖੋਲ੍ਹਣੇ ਅਤੇ ਲਾਇਸੈਂਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਫਿਰ ਮੈਂ ਪਰੇਸ਼ਾਨ ਹੋ ਗਿਆ।’’